ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਦਾਅਵਾ ਕੀਤਾ ਕਿ ਪਰਮਾਣੂ ਹਥਿਆਰਾਂ ਨਾਲ ਲੈਸ ਗੁਆਂਢੀ ਮੁਲਕਾਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗ ਉਨ੍ਹਾਂ ਨੇ ਖ਼ਤਮ ਕਰਵਾਈ ਹੈ। ਉਹ ਪਿਛਲੇ ਸਾਲ ਮਈ ਤੋਂ ਲੈ ਕੇ ਹੁਣ ਤੱਕ ਕਰੀਬ 80 ਵਾਰ ਅਜਿਹਾ ਦਾਅਵਾ ਕਰ ਚੁੱਕੇ ਹਨ, ਹਾਲਾਂਕਿ ਭਾਰਤ ਹਮੇਸ਼ਾ ਤੀਜੀ ਧਿਰ ਦੇ ਦਖਲ ਤੋਂ ਇਨਕਾਰ ਕਰਦਾ ਰਿਹਾ ਹੈ।
ਮਿਆਮੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਨੋਬੇਲ ਸ਼ਾਂਤੀ ਪੁਰਸਕਾਰ ਦੇ ਸਭ ਤੋਂ ਵੱਡੇ ਹੱਕਦਾਰ ਹਨ ਕਿਉਂਕਿ ਉਨ੍ਹਾਂ ਨੇ ਅੱਠ ਜੰਗਾਂ ਰੁਕਵਾਈਆਂ ਅਤੇ ਲੱਖਾਂ ਲੋਕਾਂ ਦੀਆਂ ਜਾਨਾਂ ਬਚਾਈਆਂ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪੁਰਸਕਾਰ ਦੀ ਪਰਵਾਹ ਨਹੀਂ, ਪਰ ਲੋਕਾਂ ਦੀਆਂ ਜਾਨਾਂ ਬਚਾਉਣ ਦੀ ਪਰਵਾਹ ਜ਼ਰੂਰ ਹੈ। ਉਨ੍ਹਾਂ ਨੋਬੇਲ ਪੁਰਸਕਾਰ ਨਾ ਮਿਲਣ ਦਾ ਠੀਕਰਾ ਨਾਰਵੇ ਸਿਰ ਭੰਨ੍ਹਿਆ। ਉਨ੍ਹਾਂ ਕਿਹਾ, ‘ਮੈਨੂੰ ਨੋਬੇਲ ਪੁਰਸਕਾਰ ਦੀ ਪਰਵਾਹ ਨਹੀਂ ਹੈ, ਪਰ ਜੇ ਕੋਈ ਸੋਚਦਾ ਹੈ ਕਿ ਨਾਰਵੇ ਦਾ ਇਸ ’ਤੇ ਕੰਟਰੋਲ ਨਹੀਂ ਹੈ, ਤਾਂ ਉਹ ਮਜ਼ਾਕ ਕਰ ਰਿਹਾ ਹੈ। ਉਨ੍ਹਾਂ ਕੋਲ ਬੋਰਡ ਹੈ, ਪਰ ਉਸ ਨੂੰ ਨਾਰਵੇ ਹੀ ਚਲਾਉਂਦਾ ਹੈ। ਨਾਰਵੇ ਕੀ ਕਹਿੰਦਾ ਹੈ, ਇਸ ਬਾਰੇ ਮੈਨੂੰ ਕੋਈ ਫਰਕ ਨਹੀਂ ਪੈਂਦਾ।’ ਉਨ੍ਹਾਂ ਵੈਨੇਜ਼ੁਏਲਾ ਦੀ ਵਿਰੋਧੀ ਆਗੂ ਮਾਰੀਆ ਕੋਰੀਨਾ ਮਸ਼ਾਡੋ ਵੱਲੋਂ ਆਪਣਾ ਨੋਬੇਲ ਪੁਰਸਕਾਰ ਉਨ੍ਹਾਂ ਨੂੰ ਭੇਟ ਕਰਨ ਦੀ ਸ਼ਲਾਘਾ ਕੀਤੀ।
ਫਰਾਂਸ ਨੂੰ ਟੈਰਿਫ ਦੀ ਧਮਕੀ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਵੱਲੋਂ ਉਨ੍ਹਾਂ ਦੇ ਪ੍ਰਸਤਾਵਿਤ ‘ਬੋਰਡ ਆਫ ਪੀਸ’ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਨ ’ਤੇ ਸਖ਼ਤ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਜੇ ਮੈਕਰੌਂ ਨਹੀਂ ਮੰਨਦੇ ਤਾਂ ਉਹ ਫਰਾਂਸ ਦੀ ਵਾਈਨ ਅਤੇ ਸ਼ੈਂਪੇਨ ’ਤੇ 200 ਫੀਸਦੀ ਟੈਰਿਫ ਲਾ ਦੇਣਗੇ, ਜਿਸ ਤੋਂ ਬਾਅਦ ਉਹ ਆਪੇ ਸ਼ਾਮਲ ਹੋ ਜਾਣਗੇ। ਜ਼ਿਕਰਯੋਗ ਹੈ ਕਿ ਟਰੰਪ ਬੁੱਧਵਾਰ ਨੂੰ ਦਾਵੋਸ ਵਿੱਚ ਵਿਸ਼ਵ ਆਰਥਿਕ ਫੋਰਮ ਦੌਰਾਨ ‘ਬੋਰਡ ਆਫ ਪੀਸ’ ਚਾਰਟਰ ਦਾ ਐਲਾਨ ਕਰਨਗੇ।

