ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਮੇਨਕਾ ਗਾਂਧੀ ਵੱਲੋਂ ਆਵਾਰਾ ਕੁੱਤਿਆਂ ਦੇ ਮੁੱਦੇ ’ਤੇ ਅਦਾਲਤ ਦੇ ਹੁਕਮਾਂ ਦੀ ਆਲੋਚਨਾ ਕਰਨ ਵਾਲੀਆਂ ਟਿੱਪਣੀਆਂ ਦੇ ਸਬੰਧ ’ਚ ਨਾਰਾਜ਼ਗੀ ਜ਼ਾਹਿਰ ਕਰਦਿਆਂ ਅੱਜ ਕਿਹਾ ਕਿ ਉਨ੍ਹਾਂ (ਮੇਨਕਾ ਗਾਂਧੀ) ਨੇ ਅਦਾਲਤ ਦੀ ਹੱਤਕ ਕੀਤੀ ਹੈ।
ਜਸਟਿਸ ਵਿਕਰਮ ਨਾਥ, ਜਸਟਿਸ ਸੰਦੀਪ ਮਹਿਤਾ ਅਤੇ ਜਸਟਿਸ ਐੱਨ ਵੀ ਅੰਜਾਰੀਆ ਦੇ ਬੈਂਚ ਨੇ ਕਿਹਾ ਕਿ ਸਾਬਕਾ ਮੰਤਰੀ ਨੇ ਬਿਨਾਂ ਸੋਚੇ-ਸਮਝੇ ਸਾਰਿਆਂ ਖ਼ਿਲਾਫ਼ ‘ਹਰ ਤਰ੍ਹਾਂ ਦੀ ਟਿੱਪਣੀ’ ਕੀਤੀ ਹੈ। ਸ੍ਰੀਮਤੀ ਗਾਂਧੀ ਵੱਲੋਂ ਪੇਸ਼ ਸੀਨੀਅਰ ਵਕੀਲ ਰਾਜੂ ਰਾਮਚੰਦਰਨ ਨੂੰ ਸਵਾਲ ਕਰਦਿਆਂ ਬੈਂਚ ਨੇ ਕਿਹਾ, ‘‘ਤੁਸੀਂ ਕਿਹਾ ਕਿ ਅਦਾਲਤ ਨੂੰ ਟਿੱਪਣੀ ਕਰਨ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ ਪਰ ਕੀ ਤੁਸੀਂ ਆਪਣੇ ਮੁਵੱਕਿਲ ਨੂੰ ਪੁੱਛਿਆ ਹੈ ਕਿ ਉਨ੍ਹਾਂ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ? ਕੀ ਤੁਸੀਂ ਉਨ੍ਹਾਂ ਦਾ ਪੌਡਕਾਸਟ ਸੁਣਿਆ ਹੈ? ਉਨ੍ਹਾਂ ਬਿਨਾਂ ਸੋਚੇ-ਸਮਝੇ ਸਾਰਿਆਂ ਖ਼ਿਲਾਫ਼ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ।’’ ਬੈਂਚ ਨੇ ਕਿਹਾ ਕਿ ਅਦਾਲਤ ਦੀ ਫਰਾਖਦਿਲੀ ਕਰ ਕੇ ਉਹ ਸਾਬਕਾ ਕੇਂਦਰੀ ਮੰਤਰੀ ਖ਼ਿਲਾਫ਼ ਹੱਤਕ ਦੀ ਕਾਰਵਾਈ ਸ਼ੁਰੂ ਨਹੀਂ ਕਰ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਸਾਬਕਾ ਕੇਂਦਰੀ ਮੰਤਰੀ ਦੇ ਰੂਪ ’ਚ ਮੇਨਕਾ ਗਾਂਧੀ ਨੇ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਬਜਟ ’ਚ ਕੀ ਅਲਾਟ ਕਰਨ ’ਚ ਮਦਦ ਕੀਤੀ।
