ਸਿੰਗੂਰ/ਕਲੀਆਬੋਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੱਛਮੀ ਬੰਗਾਲ ਦੇ ਸਿੰਗੂਰ ਤੇ ਅਸਾਮ ਦੇ ਕਲੀਆਬੋਰ ’ਚ ਰੈਲੀਆਂ ਕੀਤੀਆਂ ਅਤੇ ਤ੍ਰਿਣਮੂਲ ਕਾਂਗਰਸ (ਟੀ ਐੱਮ ਸੀ) ਤੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਵਾਂ ਸਿਆਸੀ ਪਾਰਟੀਆਂ ’ਤੇ ਵੋਟਾਂ ਖਾਤਰ ਘੁਸਪੈਠੀਆਂ ਦੀ ਮਦਦ ਕਰਨ ਦਾ ਦੋਸ਼ ਲਾਇਆ। ਸ੍ਰੀ ਮੋਦੀ ਨੇ ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਸਿੰਗੂਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਦੋਸ਼ ਲਾਇਆ ਕਿ ਸੂਬਾ ਸਰਕਾਰ ਸਰਹੱਦ ’ਤੇ ਕੰਡਿਆਲੀ ਤਾਰ ਲਾਉਣ ਸਮੇਤ ਹੋਰ ਅਹਿਮ ਸੁਰੱਖਿਆ ਉਪਾਵਾਂ ’ਚ ਕੇਂਦਰ ਨਾਲ ਸਹਿਯੋਗ ਕਰਨ ਵਿੱਚ ‘ਨਾਕਾਮ’ ਰਹੀ ਹੈ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ, ‘‘ਤ੍ਰਿਣਮੂਲ ਕਾਂਗਰਸ ਕੌਮੀ ਸੁਰੱਖਿਆ ਨਾਲ ਖੇਡ ਰਹੀ ਹੈ। ਉਹ ਘੁਸਪੈਠੀਆਂ ਨੂੰ ਪਨਾਹ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਉਹ ਉਨ੍ਹਾਂ ਨੂੰ ਆਪਣੀ ਵੋਟ ਬੈਂਕ ਮੰਨਦੀ ਹੈ। ਸੂਬੇ ’ਚ ਫਰਜ਼ੀ ਦਸਤਾਵੇਜ਼ਾਂ ਨਾਲ ਰਹਿ ਰਹੇ ਗ਼ੈਰਕਾਨੂੰਨੀ ਪਰਵਾਸੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ’ਚ ਵਾਪਸ ਭੇਜਣਾ ਪਵੇਗਾ।’’ ਉਨ੍ਹਾਂ ਸੂਬੇ ’ਚ ਸੱਤਾ ਤਬਦੀਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਟੀ ਐੱਮ ਸੀ ਦੇ ‘ਮਹਾਜੰਗਲ ਰਾਜ’ ਨੂੰ ਖਤਮ ਕਰਨ ਤੇ ਚੰਗੇ ਸ਼ਾਸਨ ਲਈ ਵਚਨਬੱਧ ਭਾਜਪਾ ਸਰਕਾਰ ਲਿਆਉਣ ਦੀ ਲੋੜ ਹੈ। ਇਸੇ ਤਰ੍ਹਾਂ ਅਸਾਮ ਦੇ ਕਲੀਆਬੋਰ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ ਅਸਾਮ ’ਚ ਕਾਂਗਰਸ ਦੇ ਰਾਜ ਦੌਰਾਨ ਦਹਾਕਿਆਂ ਤੱਕ ਘੁਸਪੈਠ ਵਧਦੀ ਰਹੀ ਅਤੇ ਗ਼ੈਰ ਕਾਨੂੰਨੀ ਪਰਵਾਸੀ ਜੰਗਲਾਂ ਤੇ ਹੋਰ ਕੁਦਰਤੀ ਥਾਵਾਂ ’ਤੇ ਕਬਜ਼ਾ ਕਰਦੇ ਰਹੇ। ਉਨ੍ਹਾਂ ਕਿਹਾ, ‘‘ਭਾਜਪਾ ਸਰਕਾਰ ਕਬਜ਼ੇ ਕਰਨ ਵਾਲੇ ਘੁਸਪੈਠੀਆਂ ਨੂੰ ਕੱਢ ਕੇ ਅਸਾਮ ਦੀ ਪਛਾਣ ਤੇ ਸੱਭਿਆਚਾਰ ਦੀ ਰਾਖੀ ਕਰ ਰਹੀ ਹੈ।’’
ਕੇਂਦਰ ਨੇ ਬੰਗਾਲ ਦੇ ਫੰਡ ਰੋਕੇ: ਅਭਿਸ਼ੇਕ ਬੈਨਰਜੀ
ਕੋਲਕਾਤਾ: ਟੀ ਐੱਮ ਸੀ ਆਗੂ ਅਭਿਸ਼ੇਕ ਬੈਨਰਜੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਪੱਛਮੀ ਬੰਗਾਲ ਲਈ ਅਲਾਟ ਕੇਂਦਰੀ ਫੰਡ ਰੋਕਣ ਦਾ ਦੋਸ਼ ਲਾਇਆ ਤੇ ਕਿਹਾ ਕਿ ਭਾਜਪਾ ਵੱਲੋਂ 2026 ਦੀਆਂ ਵਿਧਾਨ ਸਭਾ ਚੋਣਾਂ ’ਚ ‘ਤਬਦੀਲੀ’ ਦੇ ਸੱਦੇ ਦੇ ਉਲਟ ਸੂਬੇ ਦੇ ਲੋਕ ਸੂਬਾਈ ਚੋਣਾਂ ਮਗਰੋਂ ਭਗਵਾ ਪਾਰਟੀ ਨੂੰ ਕੇਂਦਰੀ ਸੱਤਾ ’ਚੋਂ ਬਾਹਰ ਕਰਨ ਦੀ ਪ੍ਰਕਿਰਿਆ ਦੀ ਅਗਵਾਈ ਕਰਨਗੇ। ਨਾਡੀਆ ਜ਼ਿਲ੍ਹੇ ਦੇ ਚੋਪੜਾ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਟੀ ਐੱਮ ਸੀ ਦੇ ਕੌਮੀ ਜਨਰਲ ਸਕੱਤਰ ਨੇ ਕਿਹਾ ਕਿ ਸੂਬੇ ਦੇ ਲੋਕ ‘ਬਾਹਰੀ ਲੋਕਾਂ ਤੇ ਦਿੱਲੀ ਦੇ ਜ਼ਿੰਮੀਦਾਰਾਂ ਅੱਗੇ ਆਤਮ ਸਮਰਪਣ ਨਹੀਂ ਕਰਨਗੇ।’

