ਕੋਲਕਾਤਾ: ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿਚ ਇਕ ਨਿੱਜੀ ਹਸਪਤਾਲ ਵਿਚ ਕੰਮ ਕਰਦੀਆਂ ਦੋ ਨਰਸਾਂ ਵਿਚ ਨਿਪਾਹ ਵਾਇਰਸ ਦੇ ਲੱਛਣ ਦੇਖੇ ਗਏ ਹਨ। ਰਾਜ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋ ਨਰਸਾਂ, ਜਿਨ੍ਹਾਂ ਵਿਚੋਂ ਇਕ ਮਹਿਲਾ ਤੇ ਦੂਜਾ ਪੁਰਸ਼ ਹੈ, ਦੀ ਹਾਲਤ ਬਹੁਤ ਗੰਭੀਰ ਹੈ। ਅਧਿਕਾਰੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ‘ਦੋਵੇਂ ਨਰਸਾਂ ਬਾਰਾਸਾਤ ਦੇ ਇੱਕੋ ਹਸਪਤਾਲ ਵਿੱਚ ਕੰਮ ਕਰਦੀਆਂ ਹਨ। ਉਨ੍ਹਾਂ ਦੇ ਨਿਪਾਹ ਵਾਇਰਸ ਦੀ ਲਾਗ ਨਾਲ ਗ੍ਰਸਤ ਹੋਣ ਦਾ ਸ਼ੱਕ ਹੈ। ਦੋਵਾਂ ਨਰਸਾਂ ਦੇ ਨਮੂਨੇ ਜਾਂਚ ਲਈ ਕਲਿਆਣੀ ਏਮਜ਼ ਭੇਜੇ ਗਏ ਸਨ, ਅਤੇ ਸ਼ੁਰੂਆਤੀ ਰਿਪੋਰਟਾਂ ਸੰਭਾਵਿਤ ਨਿਪਾਹ ਲਾਗ ਵੱਲ ਇਸ਼ਾਰਾ ਕਰਦੀਆਂ ਹਨ।’’
ਉਨ੍ਹਾਂ ਕਿਹਾ ਕਿ ਇੱਕ ਨਰਸ ਨਾਦੀਆ ਜ਼ਿਲ੍ਹੇ ਦੀ ਵਸਨੀਕ ਹੈ, ਜਦੋਂ ਕਿ ਦੂਜੀ ਪੂਰਬੀ ਬਰਧਮਾਨ ਜ਼ਿਲ੍ਹੇ ਦੇ ਕਟਵਾ ਵਿੱਚ ਰਹਿੰਦੀ ਹੈ। ਅਧਿਕਾਰੀ ਨੇ ਕਿਹਾ, ‘‘ਦੋਵੇਂ ਇਸ ਵੇਲੇ ਬਾਰਾਸਾਤ ਹਸਪਤਾਲ ਵਿੱਚ ਦਾਖਲ ਹਨ ਜਿੱਥੇ ਉਹ ਕੰਮ ਕਰਦੇ ਹਨ, ਅਤੇ ਉਨ੍ਹਾਂ ਨੂੰ ਵੈਂਟੀਲੇਟਰ ਸਹਾਇਤਾ ਨਾਲ ਆਈਸੋਲੇਸ਼ਨ ਵਾਰਡ ਵਿੱਚ ਰੱਖਿਆ ਗਿਆ ਹੈ।’’ ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ, ਇੱਕ ਨਰਸ ਹਾਲ ਹੀ ਵਿੱਚ ਆਪਣੇ ਜੱਦੀ ਸ਼ਹਿਰ ਕਟਵਾ ਤੋਂ ਵਾਪਸ ਆਈ ਸੀ, ਜਿੱਥੇ ਉਹ ਬਿਮਾਰ ਹੋ ਗਈ ਸੀ ਅਤੇ ਉਸ ਨੂੰ ਸ਼ੁਰੂ ਵਿੱਚ 31 ਦਸੰਬਰ ਨੂੰ ਇੱਕ ਸਥਾਨਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਧਿਕਾਰੀ ਨੇ ਕਿਹਾ, ‘‘ਨਿਪਾਹ ਵਾਇਰਸ ਦੀ ਗੰਭੀਰਤਾ ਅਤੇ ਉੱਚ ਮੌਤ ਦਰ ਨੂੰ ਦੇਖਦੇ ਹੋਏ, ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਪੁਸ਼ਟੀ ਲਈ ਨਮੂਨੇ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ, ਅਤੇ ਸੰਪਰਕ ਟਰੇਸਿੰਗ ਜਾਰੀ ਹੈ।’’ ਨਿਪਾਹ ਵਾਇਰਸ ਇੱਕ ਨੋਟੀਫਾਈਬਲ ਬਿਮਾਰੀ ਹੈ, ਜਿਸ ਦੀ ਕੇਂਦਰ ਸਰਕਾਰ ਨੂੰ ਤੁਰੰਤ ਰਿਪੋਰਟਿੰਗ ਕਰਨ ਦੀ ਲੋੜ ਹੁੰਦੀ ਹੈ।

