ਸੋਲਨ ਦੇ ਆਰਕੀ ਬਜ਼ਾਰ ਵਿੱਚ ਭਿਆਨਕ ਅੱਗ ਦਾ ਕਹਿਰ, ਇੱਕ ਬੱਚੇ ਦੀ ਮੌਤ ਕਈ ਲੋਕ ਫਸੇ

ਸੋਲਨ ਦੇ ਆਰਕੀ ਬਜ਼ਾਰ ਵਿੱਚ ਭਿਆਨਕ ਅੱਗ ਦਾ ਕਹਿਰ, ਇੱਕ ਬੱਚੇ ਦੀ ਮੌਤ ਕਈ ਲੋਕ ਫਸੇ

ਸੋਲਨ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਆਰਕੀ ਬਜ਼ਾਰ ਵਿੱਚ ਭਿਆਨਕ ਅੱਗ ਲੱਗਣ ਕਾਰਨ ਇੱਕ ਬੱਚੇ ਦੀ ਦਰਦਨਾਕ ਮੌਤ ਹੋ ਗਈ ਅਤੇ ਚਾਰ ਤੋਂ ਪੰਜ ਲੋਕਾਂ ਦੇ ਇਮਾਰਤ ਵਿੱਚ ਫੱਸ ਗਏ। ਇਹ ਹਾਦਸਾ ਦੇਰ ਰਾਤ ਦੋ ਵਜੇ ਦੇ ਕਰੀਬ ਵਾਪਰਿਆ। ਜਿਸ ਤੋਂ ਬਾਅਦ ਅੱਗ ਨੇ ਬੜੀ ਤੇਜ਼ੀ ਨਾਲ ਜ਼ੋਰ ਫੜ੍ਹਿਆ ਤੇ ਨਾਲ ਲੱਗਦੇ ਘਰਾਂ ਤੱਕ ਫੈਲ ਗਈ। ਅੱਗ ਇੰਨੀ ਤੇਜ਼ ਸੀ ਕਿ ਦੋ ਇਮਾਰਤਾਂ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਈਆਂ। ਇਨ੍ਹਾਂ ਇਮਾਰਤਾਂ ਵਿੱਚ ਕਈ ਪਰਿਵਾਰ ਰਹਿੰਦੇ ਸਨ। ਅੱਗ ਲੱਗਣ ਸਮੇਂ ਇਮਾਰਤਾਂ ਵਿੱਚ ਮੌਜੂਦ ਐਲਪੀਜੀ ਸਿਲੰਡਰਾਂ ਵਿੱਚ ਵੀ ਜ਼ੋਰਦਾਰ ਧਮਾਕੇ ਹੋਏ, ਜਿਸ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ।

ਅਜਿਹੇ ਵਿੱਚ ਅੱਗ ਹੋਰ ਵੀ ਭੜਕ ਉਠੀ, ਜਿਸ ਕਾਰਨ ਬਚਾਅ ਕਾਰਜਾਂ ਵਿੱਚ ਕਾਫ਼ੀ ਦਿੱਕਤ ਆਈ। ਹਾਦਸੇ ਕਾਰਨ ਆਰਕੀ ਬਜ਼ਾਰ ਦਾ ਇੱਕ ਵੱਡਾ ਹਿੱਸਾ ਵੀ ਪੂਰੀ ਤਰ੍ਹਾਂ ਸੜ੍ਹ ਗਿਆ।

ਡਿਪਟੀ ਕਮਿਸ਼ਨਰ ਸੋਲਨ ਮਨਮੋਹਨ ਸ਼ਰਮਾ ਨੇ ਦੱਸਿਆ ਕਿ ਅੱਗ ਕਰੀਬ ਤਿੰਨ ਵਜੇ ਇੱਕ ਇਮਾਰਤ ਵਿੱਚ ਲੱਗੀ ਸੀ, ਜੋ ਬਾਅਦ ਵਿੱਚ ਨਾਲ ਲੱਗਦੀ ਹੋਰ ਇਮਾਰਤ ਤੱਕ ਫੈਲ ਗਈ। ਦਮਕਲ ਵਿਭਾਗ ਵੱਲੋਂ ਕਈ ਘੰਟਿਆਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਅੱਗ ਬੁਝਾਉਣ ਲਈ ਸੋਲਨ ਤੋਂ ਇਲਾਵਾ ਅੰਬੂਜਾ ਸੀਮੈਂਟ ਦਰਲਾਘਾਟ, ਬਨਾਲੇਗੀ ਅਤੇ ਬੋਇਲਿਊਗੰਜ ਤੋਂ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਉੱਤੇ ਪਹੁੰਚੀਆਂ।

ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਆਰਕੀ ਤੋਂ ਵਿਧਾਇਕ ਸੰਜੇ ਅਵਸਥੀ ਵੀ ਮੌਕੇ ’ਤੇ ਪਹੁੰਚੇ ਅਤੇ ਰਾਹਤ ਤੇ ਬਚਾਅ ਕਾਰਜਾਂ ਦੀ ਨਿਗਰਾਨੀ ਕੀਤੀ। ਪ੍ਰਸ਼ਾਸਨ ਵੱਲੋਂ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਮਦਦ ਪਹੁੰਚਾਉਣ ਲਈ ਕਾਰਵਾਈ ਜਾਰੀ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Share: