ਲਖਨਊ: ਭਾਰਤ ਦੇ ਚੋਣ ਕਮਿਸ਼ਨ (ECI) ਨੇ ਉੱਤਰ ਪ੍ਰਦੇਸ਼ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੇ ਐੱਸਆਈਆਰ ਦੌਰਾਨ ਵੋਟਰ ਸੇਵਾਵਾਂ ਨੂੰ ਵਧੇਰੇ ਸੁਖਾਲਾ ਬਣਾਉਣ ਲਈ “ਬੁੱਕ-ਏ-ਕਾਲ ਵਿਦ ਬੀ.ਐਲ.ਓ.” ਸਹੂਲਤ ਸ਼ੁਰੂ ਕੀਤੀ ਹੈ, ਜਦੋਂ ਕਿ ਦਾਅਵੇ ਅਤੇ ਇਤਰਾਜ਼ ਦਰਜ ਕਰਨ ਦੀ ਮਿਆਦ 6 ਫਰਵਰੀ 2026 ਤੱਕ ਖੁੱਲ੍ਹੀ ਰਹੇਗੀ।
ਇੱਕ ਅਧਿਕਾਰਤ ਬਿਆਨ ਅਨੁਸਾਰ ਵੋਟਰ ਹੁਣ ਵੋਟਰ ਸੂਚੀ ਵਿੱਚ ਵੇਰਵਿਆਂ ਨੂੰ ਸ਼ਾਮਲ ਕਰਨ, ਹਟਾਉਣ ਜਾਂ ਸੋਧਣ ਨਾਲ ਸਬੰਧਤ ਜਾਣਕਾਰੀ ਜਾਂ ਸਹਾਇਤਾ ਲੈਣ ਲਈ ਆਪਣੇ ਸਬੰਧਤ ਬੂਥ ਲੈਵਲ ਅਫ਼ਸਰ (ਬੀ.ਐਲ.ਓ.) ਨਾਲ ਫ਼ੋਨ ਕਾਲ ਬੁੱਕ ਕਰ ਸਕਦੇ ਹਨ ਅਤੇ ਇਹ ਸੇਵਾ ਈ.ਸੀ.ਆਈ. ਪੋਰਟਲ voters.eci.gov.in ਅਤੇ ECINET ਮੋਬਾਈਲ ਐਪਲੀਕੇਸ਼ਨ ਰਾਹੀਂ ਉਪਲਬਧ ਹੈ, ਜਿੱਥੇ ਰਜਿਸਟਰਡ ਮੋਬਾਈਲ ਨੰਬਰ ਜਾਂ ਓ ਟੀ ਪੀ ਰਾਹੀਂ ਸਾਈਨ-ਅੱਪ ਕਰਨ ਤੋਂ ਬਾਅਦ ਵੋਟਰ ਆਪਣੇ EPIC ਜਾਂ ਰੈਫਰੈਂਸ ਨੰਬਰ, ਜਾਂ ਰਾਜ, ਜ਼ਿਲ੍ਹਾ, ਵਿਧਾਨ ਸਭਾ ਹਲਕਾ ਅਤੇ ਬੂਥ ਨੰਬਰ ਵਰਗੇ ਵੇਰਵੇ ਦੇ ਕੇ ਕਾਲ ਬੁੱਕ ਕਰ ਸਕਦੇ ਹਨ, ਜਿਸ ਤੋਂ ਬਾਅਦ ਸਬੰਧਤ ਬੀ.ਐਲ.ਓ. 48 ਘੰਟਿਆਂ ਦੇ ਅੰਦਰ ਵੋਟਰ ਨਾਲ ਸੰਪਰਕ ਕਰੇਗਾ।
ਉੱਤਰ ਪ੍ਰਦੇਸ਼ ਲਈ ਡਰਾਫਟ ਵੋਟਰ ਸੂਚੀ ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਵਿੱਚ ਵਿਸ਼ੇਸ਼ ਗਹਿਣ ਨਜ਼ਰਸਾਨੀ ਤੋਂ ਬਾਅਦ 2.89 ਕਰੋੜ ਵੋਟਰਾਂ ਨੂੰ ਬਾਹਰ ਕੱਢਿਆ ਗਿਆ ਅਤੇ 12.55 ਕਰੋੜ ਵੋਟਰਾਂ ਨੂੰ ਬਰਕਰਾਰ ਰੱਖਿਆ ਗਿਆ ਹੈ, ਜਿਸ ‘ਤੇ ਮੁੱਖ ਚੋਣ ਅਫ਼ਸਰ ਨਵਦੀਪ ਰਿਣਵਾ ਨੇ ਵੋਟਰਾਂ ਨੂੰ ਸਵਾਲਾਂ ਲਈ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਹੈ। ਜਾਰੀ ਕੀਤੇ ਗਏ ਡੇਲੀ ਬੁਲੇਟਿਨ ਅਨੁਸਾਰ ਦਾਅਵਿਆਂ ਅਤੇ ਇਤਰਾਜ਼ਾਂ ਦੀ ਮਿਆਦ 6 ਜਨਵਰੀ ਤੋਂ 6 ਫਰਵਰੀ 2026 ਤੱਕ ਚੱਲੇਗੀ ਅਤੇ ਅੰਤਿਮ ਵੋਟਰ ਸੂਚੀ ਵਿੱਚ ਨਾਮ ਵੈਰੀਫਿਕੇਸ਼ਨ ਅਤੇ ਲੋੜੀਂਦੇ ਘੋਸ਼ਣਾ ਪੱਤਰ ਪ੍ਰਾਪਤ ਹੋਣ ਤੋਂ ਬਾਅਦ ਹੀ ਸ਼ਾਮਲ ਕੀਤੇ ਜਾਣਗੇ, ਜਦਕਿ ਸਿਆਸੀ ਪਾਰਟੀਆਂ ਨੇ ਫਾਰਮ 6 ਅਤੇ ਫਾਰਮ 7 ਇਕੱਠੇ ਕਰਨ ਲਈ ਬੂਥ ਲੈਵਲ ਏਜੰਟ ਨਿਯੁਕਤ ਕੀਤੇ ਹਨ।

