ਪੁਣੇ: ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਰੇਸ਼ ਕਲਮਾਡੀ ਦਾ ਲੰਬੀ ਬਿਮਾਰੀ ਤੋਂ ਬਾਅਦ ਮੰਗਲਵਾਰ ਤੜਕੇ ਪੁਣੇ ਵਿੱਚ ਦੇਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਪਰਿਵਾਰਕ ਸੂਤਰਾਂ ਅਨੁਸਾਰ ਕਲਮਾਡੀ ਨੇ ਸਵੇਰੇ ਕਰੀਬ 3:30 ਵਜੇ ਆਖਰੀ ਸਾਹ ਲਿਆ। ਉਹ ਕੇਂਦਰੀ ਰੇਲ ਰਾਜ ਮੰਤਰੀ ਰਹਿ ਚੁੱਕੇ ਸਨ ਅਤੇ ਭਾਰਤੀ ਓਲੰਪਿਕ ਸੰਘ (IOA) ਦੇ ਸਾਬਕਾ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾਈਆਂ ਸਨ। ਪੁਣੇ ਦੇ ਇੱਕ ਪ੍ਰਮੁੱਖ ਸਿਆਸੀ ਆਗੂ ਵਜੋਂ ਉਨ੍ਹਾਂ ਨੇ ਕਈ ਵਾਰ ਲੋਕ ਸਭਾ ਵਿੱਚ ਸ਼ਹਿਰ ਦੀ ਨੁਮਾਇੰਦਗੀ ਕੀਤੀ ਅਤੇ ਲੰਬੇ ਸਮੇਂ ਤੱਕ ਰਾਸ਼ਟਰੀ ਪੱਧਰ ‘ਤੇ ਖੇਡ ਪ੍ਰਸ਼ਾਸਨ ਨਾਲ ਜੁੜੇ ਰਹੇ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਉਨ੍ਹਾਂ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਹ ਆਪਣੇ ਪਿੱਛੇ ਪਤਨੀ, ਇੱਕ ਪੁੱਤਰ, ਨੂੰਹ, ਦੋ ਬੇਟੀਆਂ, ਜਵਾਈ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਦੁਪਹਿਰ 2 ਵਜੇ ਤੱਕ ਇਰੰਡਵਾਨੇ ਸਥਿਤ ਕਲਮਾਡੀ ਹਾਊਸ ਵਿਖੇ ਰੱਖਿਆ ਜਾਵੇਗਾ ਅਤੇ ਅੰਤਿਮ ਸੰਸਕਾਰ ਦੁਪਹਿਰ 3:30 ਵਜੇ ਨਵੀਂ ਪੇਠ ਦੇ ਵੈਕੁੰਠ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

