ਰਾਜਸਥਾਨ ’ਚ ਟੈਂਪੂ ਟਰੈਵਲਰ ਪੁਲ ਤੋਂ ਡਿੱਗਿਆ; ਅੱਠ ਹਲਾਕ

ਕੋਟਾ : ਰਾਜਸਥਾਨ ਦੇ ਕੋਟਾ ਵਿੱਚ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਸ਼ਨਿਚਰਵਾਰ ਸਵੇਰੇ ਇੱਕ ਟੈਂਪੋ ਟਰੈਵਲਰ ਪੁਲ ਤੋਂ ਹੇਠਾਂ ਨਾਲੇ ਵਿੱਚ ਡਿੱਗ ਗਿਆ। ਇਸ ਹਾਦਸੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 17 ਯਾਤਰੀ ਜ਼ਖ਼ਮੀ ਹੋ ਗਏ। ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਖਾਟੂਸ਼ਿਆਮ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸਨ। ਇਹ ਹਾਦਸਾ ਸ਼ਨਿਚਰਵਾਰ ਸਵੇਰੇ ਕਰੀਬ 6 ਵਜੇ ਸਿਮਲੀਆ ਥਾਣਾ ਖੇਤਰ ਵਿੱਚ ਵਾਪਰਿਆ। ਥਾਣਾ ਮੁਖੀ ਨੰਦ ਸਿੰਘ ਨੇ ਦੱਸਿਆ ਕਿ ਟੈਂਪੋ ਟਰੈਵਲਰ ਭੋਪਾਲ ਤੋਂ ਖਾਟੂਸ਼ਿਆਮ ਵੱਲ ਜਾ ਰਿਹਾ ਸੀ। ਕਰਾੜੀਆ ਟੌਲ ਪਲਾਜ਼ਾ ਤੋਂ ਕੁਝ ਕਿਲੋਮੀਟਰ ਦੂਰ ਇਹ ਵਾਹਨ ਪੁਲ ਦੀ ਪੁਲੀ ਤੋਂ ਹੇਠਾਂ ਡਿੱਗ ਗਿਆ। ਵਾਹਨ ਕਰੀਬ 15 ਫੁੱਟ ਹੇਠਾਂ ਜਾ ਡਿੱਗਿਆ, ਜਿਸ ਕਾਰਨ ਕਈ ਯਾਤਰੀ ਗੰਭੀਰ ਜ਼ਖ਼ਮੀ ਹੋ ਗਏ।

ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲੀਸ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਉਨ੍ਹਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਕਾਰਜ ਸ਼ੁਰੂ ਕੀਤੇ। ਹਾਲਾਂਕਿ, ਸਵੇਰ ਵੇਲੇ ਹਨੇਰਾ ਹੋਣ ਕਾਰਨ ਬਚਾਅ ਕਾਰਜਾਂ ਵਿੱਚ ਕੁਝ ਦੇਰੀ ਹੋਈ। ਪਿੰਡ ਵਾਸੀਆਂ ਨੇ ਦੱਸਿਆ ਕਿ ਕਈ ਮ੍ਰਿਤਕਾਂ ਦੀਆਂ ਲਾਸ਼ਾਂ ਵਾਹਨ ਦੀਆਂ ਸੀਟਾਂ ਵਿਚਾਲੇ ਫਸ ਗਈਆਂ ਸਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਜ਼ਖ਼ਮੀ ਯਾਤਰੀਆਂ ਨੂੰ ਬਾਹਰ ਕੱਢਣ ਲਈ ਵਾਹਨ ਦੀਆਂ ਖਿੜਕੀਆਂ ਤੋੜਨੀਆਂ ਪਈਆਂ।

ਬਚਾਅ ਕਾਰਜਾਂ ਵਿੱਚ ਲੱਗੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ ਕਿ ਖ਼ਦਸ਼ਾ ਹੈ ਕਿ ਟੈਂਪੋ ਟਰੈਵਲਰ ਜਦੋਂ ਐਕਸਪ੍ਰੈੱਸਵੇਅ ਤੋਂ ਹੇਠਾਂ ਡਿੱਗਿਆ ਤਾਂ ਅਗਲਾ ਹਿੱਸੇ ਹੇਠਾਂ ਆਇਆ ਜਿਸ ਕਾਰਨ ਵਾਹਨ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।

ਐਕਸਪ੍ਰੈੱਸਵੇਅ ’ਤੇ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ

ਸਥਾਨਕ ਪੁਲੀਸ ਮੁਤਾਬਕ ਹਾਦਸੇ ਦੀ ਸੂਚਨਾ ਸਵੇਰੇ ਕਰੀਬ 6 ਵੱਜ ਕੇ 15 ਮਿੰਟ ’ਤੇ ਮਿਲੀ ਸੀ। ਇਸ ਤੋਂ ਬਾਅਦ ਪੁਲੀਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਵਾਹਨ ਵਿੱਚੋਂ ਬਾਹਰ ਕੱਢ ਕੇ ਇਲਾਜ ਲਈ ਭੇਜਿਆ ਗਿਆ।

ਹਾਦਸੇ ਕਾਰਨ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ’ਤੇ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਜਾਮ ਵਰਗੀ ਸਥਿਤੀ ਬਣ ਗਈ। ਬਚਾਅ ਕਾਰਜਾਂ ਅਤੇ ਹਾਦਸੇ ਵਾਲੀ ਥਾਂ ਤੋਂ ਵਾਹਨ ਨੂੰ ਹਟਾਉਣ ਦੀ ਕਾਰਵਾਈ ਦੌਰਾਨ ਆਵਾਜਾਈ ਨੂੰ ਸੁਚਾਰੂ ਬਣਾਉਣ ਦੇ ਯਤਨ ਕੀਤੇ ਗਏ।

Share: