ਨਵੀਂ ਦਿੱਲੀ: ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਐੱਮ.ਬੀ.ਬੀ.ਐੱਸ. (MBBS) ਦੇ ਪਹਿਲੇ ਸਾਲ ਦੀ ‘ਫਸਟ ਪ੍ਰੋਫੈਸ਼ਨਲ’ ਪ੍ਰੀਖਿਆ ਪਾਸ ਕਰਨ ਵਿੱਚ ਅਸਫ਼ਲ ਰਹੇ ਮੈਡੀਕਲ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਇੱਕ ਵਾਧੂ ਮੌਕਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਾਲ 2019-20 ਅਕਾਦਮਿਕ ਸੈਸ਼ਨ ਅਤੇ ਉਸ ਤੋਂ ਬਾਅਦ ਦਾਖ਼ਲ ਹੋਏ ਯੋਗ ਵਿਦਿਆਰਥੀਆਂ ਲਈ ਪ੍ਰੀਖਿਆ ਦੇਣ ਦੀ ਵੱਧ ਤੋਂ ਵੱਧ ਹੱਦ 4 ਤੋਂ ਵਧਾ ਕੇ 5 ਕਰ ਦਿੱਤੀ ਗਈ ਹੈ।
ਇਹ ਫ਼ੈਸਲਾ ਕੋਵਿਡ-19 ਮਹਾਮਾਰੀ ਕਾਰਨ ਪੈਦਾ ਹੋਏ ਹਾਲਾਤ ਅਤੇ ਵਿਦਿਆਰਥੀਆਂ ਦੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਬੇਨਤੀਆਂ ਨੂੰ ਮੁੱਖ ਰੱਖਦਿਆਂ ਇੱਕ ਵਾਰ ਦੀ ਛੋਟ (One-time transitional relaxation) ਵਜੋਂ ਲਿਆ ਗਿਆ ਹੈ। ਇਸ ਤਹਿਤ ਉਹ ਵਿਦਿਆਰਥੀ ਵੀ ਯੋਗ ਹੋਣਗੇ ਜਿਨ੍ਹਾਂ ਨੇ ਪਹਿਲੇ ਸਾਲ ਦਾ ਕੋਰਸ ਪੂਰਾ ਕਰਨ ਲਈ ਨਿਰਧਾਰਤ 4 ਸਾਲਾਂ ਦਾ ਸਮਾਂ ਪਹਿਲਾਂ ਹੀ ਪਾਰ ਕਰ ਲਿਆ ਹੈ। ਹਾਲਾਂਕਿ, ਇਹ ਲਾਭ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਮਿਲੇਗਾ ਜਿਨ੍ਹਾਂ ਦਾ ਦਾਖ਼ਲਾ ਯੂਨੀਵਰਸਿਟੀ ਜਾਂ ਕਾਲਜ ਵੱਲੋਂ ਰੱਦ ਨਹੀਂ ਕੀਤਾ ਗਿਆ। ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਵਿਦਿਆਰਥੀ ਪਹਿਲਾਂ ਹੀ ਕਿਸੇ ਅਦਾਲਤੀ ਹੁਕਮ ਜਾਂ ਐਨ.ਐਮ.ਸੀ. ਦੇ ਪੁਰਾਣੇ ਫ਼ੈਸਲੇ ਤਹਿਤ ‘ਮਰਸੀ ਅਟੈਂਪਟ’ (Mercy Attempt) ਵਰਤ ਚੁੱਕੇ ਹਨ ਅਤੇ ਉਨ੍ਹਾਂ ਦੇ ਕੁੱਲ 5 ਮੌਕੇ ਪੂਰੇ ਹੋ ਚੁੱਕੇ ਹਨ, ਉਹ ਇਸ ਨਵੇਂ ਫ਼ੈਸਲੇ ਤਹਿਤ ਛੇਵੇਂ ਮੌਕੇ ਦੇ ਹੱਕਦਾਰ ਨਹੀਂ ਹੋਣਗੇ। ਐਨ.ਐਮ.ਸੀ. ਨੇ ਸਾਫ਼ ਕੀਤਾ ਹੈ ਕਿ ਇਹ ਛੋਟ ਸਿਰਫ਼ ਪੈਂਡਿੰਗ ਮਾਮਲਿਆਂ ਲਈ ਇੱਕ ਵਾਰ ਦਾ ਉਪਰਾਲਾ ਹੈ ਅਤੇ ਇਸ ਨੂੰ ਆਉਣ ਵਾਲੇ ਅਕਾਦਮਿਕ ਬੈਚਾਂ ਲਈ ਮਿਸਾਲ ਵਜੋਂ ਨਹੀਂ ਲਿਆ ਜਾਵੇਗਾ।

