ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਸੰਕਟ ’ਚ: ਜ਼ਮੀਨ ਅੱਠ ਸੌ ਏਕੜ, ਲੀਜ਼ ਮਨੀ ਇੱਕ ਰੁਪਿਆ !

ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਸੰਕਟ ’ਚ: ਜ਼ਮੀਨ ਅੱਠ ਸੌ ਏਕੜ, ਲੀਜ਼ ਮਨੀ ਇੱਕ ਰੁਪਿਆ !

ਚੰਡੀਗੜ੍ਹ : ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਸੀ.ਬੀ.ਆਈ. (CBI) ਦੇ ਸ਼ਿਕੰਜੇ ’ਚ ਆਏ ਰਾਮਪੁਰਾ ਫੂਲ ਦੇ ਕਾਂਸਲ ਪਰਿਵਾਰ ਦੀ ਕੰਪਨੀ ‘ਐੱਸ.ਐੱਮ.ਪੀ.ਪੀ. ਅਮਿਊਨੇਸ਼ਨ ਪ੍ਰਾਈਵੇਟ ਲਿਮਟਿਡ’ ਨੂੰ ਨਾਲਾਗੜ੍ਹ ’ਚ ਅਲਾਟ ਕੀਤੀ 800 ਏਕੜ ਜ਼ਮੀਨ ’ਤੇ ਵੀ ਹੁਣ ਉਂਗਲ ਉੱਠੀ ਹੈ। ਜਦੋਂ ਹਿਮਾਚਲ ’ਚ ਭਾਜਪਾ ਸਰਕਾਰ ਸੀ ਤਾਂ ਉਸ ਵਕਤ 4 ਅਕਤੂਬਰ 2022 ਨੂੰ ਇਸ ਕੰਪਨੀ ਨੂੰ ਮਹਿਜ਼ ਇੱਕ ਰੁਪਏ ਪ੍ਰਤੀ ਵਰਗ ਮੀਟਰ ਸਾਲਾਨਾ ਦੇ ਹਿਸਾਬ ਨਾਲ ਜ਼ਿਲ੍ਹਾ ਸੋਲਨ ਦੇ ਨਾਲਾਗੜ੍ਹ ’ਚ 95 ਸਾਲ ਲਈ ਜ਼ਮੀਨ ਅਲਾਟ (ਲੀਜ਼) ਕੀਤੀ ਗਈ ਸੀ। ਕਰੀਬ ਚਾਰ ਸਾਲ ਮਗਰੋਂ ਵੀ ਕੰਪਨੀ ਆਪਣਾ ਉਦਯੋਗਿਕ ਯੂਨਿਟ ਚਾਲੂ ਨਹੀਂ ਕਰ ਸਕੀ।

ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਵੀ ਇਸ ਕੰਪਨੀ ਸਮੇਤ ਹੋਰਨਾਂ ਨੂੰ ਵੀ ਜ਼ਮੀਨ ਅਲਾਟ ਕੀਤੇ ਜਾਣ ਦੇ ਮਾਮਲੇ ’ਤੇ 27 ਅਗਸਤ 2025 ਨੂੰ ਰੌਲਾ-ਰੱਪਾ ਪਿਆ ਸੀ। ਹਿਮਾਚਲ ਪ੍ਰਦੇਸ਼ ਦੇ ਮੌਜੂਦਾ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਸਤੇ ਭਾਅ ’ਚ ਲੀਜ਼ ’ਤੇ ਦਿੱਤੀ ਜ਼ਮੀਨ ਨੂੰ ਹਿਮਾਚਲ ਦੀ ਦੌਲਤ ਦੀ ਲੁੱਟ ਕਰਾਰ ਦਿੱਤਾ ਸੀ। ਉਪਰੋਕਤ ਕੰਪਨੀ ਵੱਲੋਂ ਇਸ ਜ਼ਮੀਨ ’ਤੇ ਤੋਪਖ਼ਾਨੇ ਦੇ ਗੋਲਾ-ਬਾਰੂਦ ਆਦਿ ਦੇ ਉਤਪਾਦਨ ਨਾਲ ਸਬੰਧਿਤ ਕਾਰਖ਼ਾਨਾ ਲਾਇਆ ਜਾਣਾ ਹੈ। ਕੰਪਨੀ ਵੱਲੋਂ ਕਰੀਬ ਤਿੰਨ ਹਜ਼ਾਰ ਕਰੋੜ ਦਾ ਨਿਵੇਸ਼ ਕੀਤਾ ਜਾਣਾ ਹੈ। ਤਤਕਾਲੀ ਹਿਮਾਚਲ ਸਰਕਾਰ ਵੱਲੋਂ ਕਸਟਮਾਈਜ਼ਡ ਪੈਕੇਜ ਨੀਤੀ ਤਹਿਤ ਨਿਵੇਸ਼ਕਾਂ ਨੂੰ 95 ਸਾਲਾਂ ਲਈ 1 ਰੁਪਏ ਪ੍ਰਤੀ ਵਰਗ ਮੀਟਰ ਪ੍ਰਤੀ ਸਾਲ ਦੀ ਨਾਮਾਤਰ ਦਰ ’ਤੇ ਜ਼ਮੀਨ ਲੀਜ਼ ’ਤੇ ਦੇਣ ਤੋਂ ਇਲਾਵਾ ਸਟੈਂਪ ਡਿਊਟੀ, ਰਜਿਸਟਰੇਸ਼ਨ ਫ਼ੀਸ, ਊਰਜਾ ਖ਼ਰਚਿਆਂ ਅਤੇ ਪਾਵਰ ਡਿਊਟੀ ਤੋਂ ਛੋਟ ਆਦਿ ਵੀ ਦਿੱਤੀ ਗਈ ਸੀ। ਹੁਣ ਜਦੋਂ ਰਾਮਪੁਰਾ ਫੂਲ ਦੇ ਕਾਂਸਲ ਪਰਿਵਾਰ ਦੀ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਸੀ.ਬੀ.ਆਈ. ਦੇ ਜਾਲ ’ਚ ਫਸ ਗਈ ਹੈ ਤਾਂ ਹਿਮਾਚਲ ਪ੍ਰਦੇਸ਼ ’ਚ ਅਲਾਟ ਹੋਈ ਉਪਰੋਕਤ ਜ਼ਮੀਨ ’ਤੇ ਵੀ ਕਾਲੇ ਬੱਦਲ ਛਾ ਸਕਦੇ ਹਨ।

ਚਰਚੇ ਹਨ ਕਿ ਕੇਂਦਰੀ ਰੱਖਿਆ ਮੰਤਰਾਲਾ ‘ਡਿਫ਼ੈਂਸ ਪ੍ਰੋਕਿਓਰਮੈਂਟ ਮੈਨੂਅਲ 2025’ ਦੇ ਨਿਯਮਾਂ ਤਹਿਤ ਕੰਪਨੀ ਨਾਲ ਲੈਣ-ਦੇਣ ’ਤੇ ਅਸਥਾਈ ਰੋਕ ਜਾਂ ਪਾਬੰਦੀ ਲਗਾ ਸਕਦਾ ਹੈ। ਜੇਕਰ ਕੇਂਦਰ ਸਰਕਾਰ ਅਜਿਹਾ ਕਦਮ ਚੁੱਕਦੀ ਹੈ ਤਾਂ ਇਹ ਕੰਪਨੀ ਭਵਿੱਖ ’ਚ ਰੱਖਿਆ ਮੰਤਰਾਲੇ ਦੇ ਟੈਂਡਰਾਂ ਲਈ ਅਯੋਗ ਹੋ ਜਾਵੇਗੀ।

ਦੱਸਣਯੋਗ ਹੈ ਕਿ ਸੀ.ਬੀ.ਆਈ. ਨੇ ਨਵੀਂ ਦਿੱਲੀ ਵਿੱਚ 12 ਅਕਤੂਬਰ ਨੂੰ ਮਿਊਨੀਸ਼ਨਜ਼ ਇੰਡੀਆ ਲਿਮਟਿਡ ਪੁਣੇ ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਅਤੇ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਦੇ ਡਾਇਰੈਕਟਰ/ਪ੍ਰਮੋਟਰ ਆਸ਼ੀਸ਼ ਕਾਂਸਲ ਸਣੇ ਛੇ ਜਣਿਆਂ ’ਤੇ ਕੇਸ ਦਰਜ ਕੀਤਾ ਹੈ। ਆਸ਼ੀਸ਼ ਕਾਂਸਲ ਦੀ ਕੰਪਨੀ ਦੇ ਤਾਰ 500 ਕਰੋੜ ਦੇ ਗੋਲਾ-ਬਾਰੂਦ ਦੇ ਸੌਦੇ ਨਾਲ ਸਬੰਧਿਤ ਰਿਸ਼ਵਤ ਕਾਂਡ ਨਾਲ ਜੁੜੇ ਹੋਏ ਸਨ। ਕਾਂਸਲ ਪਰਿਵਾਰ ਦੀ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਹੈ, ਜਿਸ ਦਾ ਡਰੋਨ ਤਕਨਾਲੋਜੀ ਅਤੇ ਗੋਲਾ-ਬਾਰੂਦ ਆਦਿ ਦੇ ਨਿਰਮਾਣ ਦਾ ਕੰਮ ਹੈ।

ਕੇਂਦਰ ਸਰਕਾਰ ਦੀ ਮਿਊਨੀਸ਼ਨਜ਼ ਇੰਡੀਆ ਲਿਮਟਿਡ (ਐੱਮ.ਆਈ.ਐੱਲ.) ਨੂੰ ਇੱਕ ਸਾਲ ਦੀ ਮਿਆਦ ’ਚ ਗੋਲਾ-ਬਾਰੂਦ ਦੀ ਸਪਲਾਈ ਲਈ 500 ਕਰੋੜ ਦਾ ਅਧਿਕਾਰਤ ਠੇਕਾ ‘ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ’ ਨੂੰ ਮਿਲਿਆ ਹੋਇਆ ਸੀ। ਸੀ.ਬੀ.ਆਈ. ਵੱਲੋਂ ਜਾਰੀ ਬਿਆਨ ਅਨੁਸਾਰ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਪੁਣੇ ਦਫ਼ਤਰ ’ਚ ਤਾਇਨਾਤੀ ਦੌਰਾਨ ਐੱਮ.ਆਈ.ਐੱਲ. ਦੀ ਰੱਖਿਆ ਉਤਪਾਦਨ, ਖ਼ਰੀਦ ਤੇ ਹੋਰ ਰਣਨੀਤਕ ਤੌਰ ’ਤੇ ਅਹਿਮ ਸੰਵੇਦਨਸ਼ੀਲ ਜਾਣਕਾਰੀ ਲੀਕ ਕਰ ਰਹੇ ਸਨ।

ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਵੱਲੋਂ ਠੇਕੇਦਾਰਾਂ ਜਾਂ ਕੁੱਝ ਨਿੱਜੀ ਵਿਕਰੇਤਾਵਾਂ ਨਾਲ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕਰਨ ਬਦਲੇ ਨਾਜਾਇਜ਼ ਰਿਸ਼ਵਤ ਦੀ ਮੰਗ ਕੀਤੀ ਜਾਂਦੀ ਸੀ ਅਤੇ ਇਹ ਸੂਚਨਾ ਲੀਕ ਹੋਣ ਨਾਲ ਕੌਮੀ ਸੁਰੱਖਿਆ ਖ਼ਤਰੇ ’ਚ ਪੈ ਸਕਦੀ ਸੀ। ਰਾਮਪੁਰਾ ਫੂਲ ਦੇ ਆਸ਼ੀਸ਼ ਕਾਂਸਲ ਨੇ 500 ਕਰੋੜ ਦੇ ਸਰਕਾਰੀ ਠੇਕੇ ਦੇ ਸਬੰਧ ’ਚ ਅਨਿਲ ਕੁਮਾਰ ਨਾਲ ਨਿਯਮਤ ਸੰਪਰਕ ਬਣਾਇਆ ਹੋਇਆ ਸੀ। ਕਾਂਸਲ ਦੀ ਕੰਪਨੀ ਦਾ ਕਰਮਚਾਰੀ ਰਵਿਤ ਕੁਮਾਰ ਤਿਵਾੜੀ ਵੀ ਅਨਿਲ ਕੁਮਾਰ ਦੇ ਸੰਪਰਕ ’ਚ ਸੀ। ਅਨਿਲ ਕੁਮਾਰ ਨੂੰ 12 ਅਕਤੂਬਰ ਨੂੰ ਆਸ਼ੀਸ਼ ਕੁਮਾਰ ਤੋਂ ਰਿਸ਼ਵਤ ਮਿਲਣ ਦੀ ਸੰਭਾਵਨਾ ਸੀ।

ਦੱਸਣਯੋਗ ਹੈ ਕਿ ਰਾਮਪੁਰਾ ਫੂਲ ਦਾ ਕਾਂਸਲ ਪਰਿਵਾਰ ਲੰਮਾ ਅਰਸਾ ਪਹਿਲਾਂ ਦਿੱਲੀ ਸ਼ਿਫ਼ਟ ਹੋ ਗਿਆ ਸੀ। ਮੈਸਰਜ਼ ਐੱਸ.ਐੱਮ.ਪੀ.ਪੀ. ਲਿਮਟਿਡ ਕੰਪਨੀ ’ਚ ਆਸ਼ੀਸ਼ ਕਾਂਸਲ ਹੋਲ-ਟਾਈਮ ਡਾਇਰੈਕਟਰ ਹਨ, ਜਦੋਂ ਕਿ ਉਨ੍ਹਾਂ ਦੇ ਪਿਤਾ ਸ਼ਿਵ ਚੰਦ ਕਾਂਸਲ ਮੈਨੇਜਿੰਗ ਡਾਇਰੈਕਟਰ ਹਨ। ਇਸੇ ਤਰ੍ਹਾਂ ਮਧੂ ਕਾਂਸਲ ਹੋਲ-ਟਾਈਮ ਡਾਇਰੈਕਟਰ ਤੋਂ ਇਲਾਵਾ ਮਹਿਮਾ ਗੁਪਤਾ ਅਤੇ ਮਨੋਜ ਗੁਪਤਾ ਕੰਪਨੀ ’ਚ ਡਾਇਰੈਕਟਰ ਹਨ।

Share: