ਵੈਨਕੂਵਰ : ਵੈਨਕੂਵਰ ਤੋਂ 300 ਕਿਲੋਮੀਟਰ ਦੂਰ ਉੱਤਰ-ਪੂਰਬ ਵੱਲ ਜਾਂਦੇ 5 ਨੰਬਰ ਹਾਈਵੇਅ (ਕੋਕਾਹਾਲਾ) ਰਾਹੀਂ ਮੈਰਿਟ ਜਾਂਦੇ ਹੋਏ ਵਾਹਨ ਨੂੰ ਮੂਹਰਿਓਂ ਗ਼ਲਤ ਪਾਸਿਓਂ ਆਉਂਦੇ ਵਾਹਨ ਨੇ ਸਿੱਧੀ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ’ਚ ਬੈਠੇ ਚਾਰ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ ਟੱਕਰ ਮਾਰਨ ਵਾਲੇ ਸਮੇਤ ਚਾਰ ਲੋਕ ਜ਼ਖ਼ਮੀ ਹੋ ਗਏ। ਮਾਰੇ ਗਏ ਦੀ ਪਛਾਣ ਸਰੀ ਦੇ ਰਹਿਣ ਵਾਲੇ ਜਸਕਰਨ ਸਿੰਘ (23) ਵਜੋਂ ਕੀਤੀ ਗਈ ਹੈ। ਜ਼ਖ਼ਮੀ ਹੋਣ ਵਾਲੇ 24 ਤੋਂ 38 ਸਾਲ ਦੇ ਦੱਸੇ ਗਏ ਹਨ।
ਮੈਰਿਟ ’ਚ ਤਾਇਨਾਤ ਰਾਇਲ ਕੈਨੇਡੀਅਨ ਮਾਊਂਟਿਡ ਪੁਲੀਸ ਅਨੁਸਾਰ ਹਾਦਸਾ ਤੜਕਸਾਰ ਵਾਪਰਿਆ, ਜਦੋਂ ਮੈਰਿਟ ਵੱਲੋਂ ਦੱਖਣ ਪਾਸੇ ਜਾ ਰਹੇ ਕਾਲੇ ਰੰਗ ਦੇ ਪਿੱਕ-ਅੱਪ ਦਾ ਚਾਲਕ ਉੱਤਰ ਵੱਲ ਆ ਰਹੀ ਟ੍ਰੈਫ਼ਿਕ ਵਾਲੇ ਪਾਸੇ ਚਲਾ ਗਿਆ ਤੇ ਇੱਧਰੋਂ ਜਾ ਰਹੀ ਕਾਰ ਨੂੰ ਸਾਹਮਣਿਓਂ ਟੱਕਰ ਮਾਰ ਦਿੱਤੀ। ਕਾਰ ’ਚ ਚਾਰ ਜਣੇ ਸਵਾਰ ਸਨ, ਜੋ ਸਾਰੇ ਹੀ ਜ਼ਖ਼ਮੀ ਹੋ ਗਏ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਜਸਕਰਨ ਸਿੰਘ ਨੇ ਦਮ ਤੋੜ ਦਿੱਤਾ। ਮੈਰਿਟ ਪੁਲੀਸ ਵੱਲੋਂ ਦੱਸਿਆ ਗਿਆ ਕਿ ਗ਼ਲਤ ਪਾਸੇ ਜਾ ਕੇ ਟੱਕਰ ਮਾਰਨ ਵਾਲਾ ਡਰਾਈਵਰ ਵੀ ਹਸਪਤਾਲ ਦਾਖ਼ਲ ਹੈ, ਪਰ ਉਸ ਨੂੰ ਛੁੱਟੀ ਮਿਲਣ ’ਤੇ ਉਸ ਤੋਂ ਇਹ ਪਤਾ ਕੀਤੇ ਜਾਣ ਤੋਂ ਬਾਅਦ ਕਿ ਉਹ ਸੜਕ ਦੇ ਗ਼ਲਤ ਪਾਸੇ ਵਾਹਨ ਕਿਉਂ ਚਲਾ ਰਿਹਾ ਸੀ, ਉਸ ਵਿਰੁੱਧ ਦੋਸ਼ ਆਇਦ ਕੀਤੇ ਜਾਣਗੇ।

