ਚੰਡੀਗੜ੍ਹ : ਜਬਲਪੁਰ ਵਿੱਚ ਵਾਪਰੀ ਦਰਦਨਾਕ ਘਟਨਾ ਵਿੱਚ ਮਾਂ ਦੇ ਪਿਆਰ ਅਤੇ ਅੰਤਿਮ ਸਾਹਾਂ ਤੱਕ ਬੱਚੇ ਨੂੰ ਬਚਾਉਣ ਦੀ ਮਮਤਾ ਭਰੀ ਜੱਦੋਜਹਿਦ ਨੇ ਪੂਰੇ ਦੇਸ਼ ਦੀਆਂ ਅੱਖਾਂ ਨਮ ਕਰ ਦਿੱਤੀਆਂ ਸਨ। ਇਸੇ ਸਬੰਧ ਵਿੱਚ ਦੁਰਗਾ ਪੂਜਾ ਦੌਰਾਨ ਇੱਕ ਪੰਡਾਲ ਵੱਲੋਂ ਮਾਂ ਦੀ ਅਸੀਮ ਕੁਰਬਾਨੀ ਨੂੰ ਸਮਰਪਿਤ ਇੱਕ ਬੁੱਤ ਲਾਇਆ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਦਿਲ ਨੂੰ ਝੰਜੋੜ ਦੇਣ ਵਾਲੀ ਮੂਰਤੀ ਮੱਧ ਪ੍ਰਦੇਸ਼ ਦੇ ਜਬਲਪੁਰ ਸਥਿਤ ਬਰਗੀ ਡੈਮ ਵਿੱਚ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ’ਤੇ ਆਧਾਰਿਤ ਹੈ, ਜਿੱਥੇ ਇੱਕ ਮਾਂ ਨੇ ਡੁੱਬਦੇ ਹੋਏ ਵੀ ਆਪਣੇ ਮਾਸੂਮ ਪੁੱਤਰ ਨੂੰ ਆਪਣੀ ਛਾਤੀ ਨਾਲੋਂ ਵੱਖ ਨਹੀਂ ਹੋਣ ਦਿੱਤਾ।
ਜ਼ਿਕਰਯੋਗ ਹੈ ਕਿ ਬਰਗੀ ਡੈਮ ਦੇ ਨਰਮਦਾ ਜਲ ਭੰਡਾਰ ਵਿੱਚ ਅਚਾਨਕ ਆਏ ਭਿਆਨਕ ਤੂਫ਼ਾਨ ਕਾਰਨ ਸੈਲਾਨੀਆਂ ਨਾਲ ਭਰੀ ਕਿਸ਼ਤੀ ਪਲਟ ਗਈ ਸੀ। ਇਸ ਹਾਦਸੇ ਮਗਰੋਂ ਬਚਾਅ ਕਾਰਜ ਦੌਰਾਨ ਜਦੋਂ ਗੋਤਾਖੋਰਾਂ ਨੇ ਪਾਣੀ ਵਿੱਚੋਂ ਮਾਂ (ਮੈਰੀਨਾ) ਅਤੇ ਉਸ ਦੇ ਚਾਰ ਸਾਲਾ ਮਾਸੂਮ ਪੁੱਤਰ (ਤ੍ਰਿਸ਼ਾਨ) ਦੀਆਂ ਮ੍ਰਿਤਕ ਦੇਹਾਂ ਕੱਢੀਆਂ, ਤਾਂ ਹਰ ਕਿਸੇ ਦਾ ਕਲੇਜਾ ਕੰਬ ਗਿਆ। ਮਾਂ ਨੇ ਆਪਣੇ ਆਖ਼ਰੀ ਪਲਾਂ ਵਿੱਚ ਆਪਣੇ ਲਾਡਲੇ ਨੂੰ ਆਪਣੀ ਹੀ ਲਾਈਫ਼ ਜੈਕਟ ਦੇ ਅੰਦਰ ਕੱਸ ਕੇ ਬੰਨ੍ਹ ਲਿਆ ਸੀ ਅਤੇ ਮੌਤ ਦੇ ਸਾਹਮਣੇ ਵੀ ਉਸ ਨੂੰ ਆਪਣੀ ਬੁੱਕਲ ਵਿੱਚ ਘੁੱਟ ਕੇ ਰੱਖਿਆ। ਇਸ ਦਿਲ-ਕੰਬਾਊ ਘਟਨਾ ਤੋਂ ਬਾਅਦ ਇੱਕ ਡਿਜੀਟਲ ਤਸਵੀਰ (ਆਰਟਵਰਕ) ਇੰਟਰਨੈੱਟ ’ਤੇ ਵੱਡੇ ਪੱਧਰ ’ਤੇ ਵਾਇਰਲ ਹੋਈ ਸੀ, ਜਿਸ ਨੂੰ ਦੇਖ ਕੇ ਲੱਖਾਂ ਲੋਕਾਂ ਦੇ ਹੰਝੂ ਵਹਿ ਤੁਰੇ ਸਨ। ਦੁਰਗਾ ਪੂਜਾ ਮੌਕੇ ਪੰਡਾਲ ਪ੍ਰਬੰਧਕਾਂ ਨੇ ‘ਮਾਂ ਸ਼ਕਤੀ’ ਦੇ ਰੂਪ ਵਿੱਚ ਇਸੇ ਘਟਨਾ ਨੂੰ ਮਿੱਟੀ ਦੀ ਮੂਰਤੀ ਰਾਹੀਂ ਜਿਊਂਦਾ ਕਰਦਿਆਂ ਮਾਂ ਦੀ ਬੇਮਿਸਾਲ ਮਮਤਾ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ। ਦੂਜੇ ਪਾਸੇ, ਸੋਸ਼ਲ ਮੀਡੀਆ ’ਤੇ ਇਸ ਵਾਇਰਲ ਤਸਵੀਰ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ। ਕੁਝ ਲੋਕਾਂ ਅਤੇ ਯੂਜ਼ਰਾਂ ਦਾ ਕਹਿਣਾ ਹੈ ਕਿ ਇਹ ਮੂਲ ਤਸਵੀਰ ਅਸਲ ਨਹੀਂ, ਸਗੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੁਆਰਾ ਤਿਆਰ ਕੀਤੀ ਗਈ ਇੱਕ ਕਾਲਪਨਿਕ ਡਿਜੀਟਲ ਤਸਵੀਰ ਹੈ, ਜਿਸ ਨੂੰ ਹਾਦਸੇ ਦੇ ਪ੍ਰਤੀਕ ਵਜੋਂ ਜੋੜਿਆ ਗਿਆ ਸੀ।

