ਮਾਨਸਾ : ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ ਵਿੱਚ ਪ੍ਰਸ਼ਾਸਨ ਵੱਲੋਂ ਐਕਸ਼ਨ ਲੈਂਦਿਆਂ ਬੁਲਡੋਜ਼ਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੇ ਮੁੱਖ ਮੁਲਜ਼ਮ ਅਤੇ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਦੇ ਘਰ ’ਤੇ ਬੁਲਡੋਜ਼ਰ/ਜੇ.ਸੀ.ਬੀ. ਚਲਾਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ। ਇਸ ਮੌਕੇ ’ਤੇ ਭਾਰੀ ਪੁਲੀਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਇਨ੍ਹਾਂ ਹੀ ਨਹੀਂ ਗੁੱਸੇ ਵਿੱਚ ਆਈ ਭੀੜ ਵੱਲੋਂ ਵੀ ਦੁਕਾਨ ਢਾਹੀ ਗਈ ਅੱਗੇ ਬਾਅਦ ਵਿੱਚ ਅੱਗ ਲਾ ਦਿੱਤੀ ਗਈ।
ਇਸ ਤੋਂਏ ਪਹਿਲਾਂ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਮਾਮਲੇ ਵਿੱਚ ਮੰਗਲਵਾਰ ਦੇਰ ਰਾਤ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੁਲੀਸ ਨੇ ਮੁੱਖ ਮੁਲਜ਼ਮ ਨੂੰ ਰਾਜਸਥਾਨ ਤੋਂ ਕਾਬੂ ਕਰ ਲਿਆ ਸੀ। ਬੇਸ਼ੱਕ ਮਾਨਸਾ ਪੁਲੀਸ ਵੱਲੋਂ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ , ਪਰ ਪਰਮਿੰਦਰ ਸਿੰਘ ਝੋਟੇ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਨੂੰ ਮਾਨਸਾ ਪੁਲੀਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਮਾਨਸਾ ਵਿਖੇ ਇੱਕ ਕੈਮਿਸਟ ਦੀ ਦੁਕਾਨ ’ਤੇ ਨਸ਼ਿਆਂ ਨੂੰ ਲੈ ਕੇ ਹੋਏ ਤਿੱਖੇ ਵਿਵਾਦ ਦੌਰਾਨ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੂਜੇ ਪਾਸੇ, ਮਾਨਸਾ ਵਿੱਚ ਮ੍ਰਿਤਕ ਆਗੂ ਨੂੰ ਇਨਸਾਫ਼ ਦਿਵਾਉਣ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ-ਪ੍ਰਦਰਸ਼ਨ ਜਾਰੀ ਹੈ। ਇਸ ਸੰਘਰਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪ੍ਰਸ਼ਾਸਨ ਅੱਗੇ ਆਪਣੀਆਂ ਮੰਗਾਂ ਰੱਖਣ ਲਈ ਪ੍ਰਦਰਸ਼ਨਕਾਰੀਆਂ ਵੱਲੋਂ ਇੱਕ ਵਿਸ਼ੇਸ਼ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ, ਜੋ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਹੈ।
