ਚੰਡੀਗੜ੍ਹ : ਪੰਜਾਬ ਪੁਲੀਸ ਲਈ ਇਹ ਕਾਰਨਾਮਾ ਸ਼ਰਮਸਾਰ ਕਰਨ ਵਾਲਾ ਹੈ ਕਿ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਲਾਏ ‘ਐਂਟੀ ਡਰੋਨ ਸਿਸਟਮ’ ’ਤੇ ਤਾਇਨਾਤ ਪੰਜਾਬ ਪੁਲੀਸ ਦਾ ਸਿਪਾਹੀ ਹੀ ਨਸ਼ਾ ਤਸਕਰੀ ਕਰਦਾ ਫੜਿਆ ਗਿਆ। ‘ਬਾਜ ਅੱਖ’ ਬੈਨਰ ਹੇਠ ਕੌਮਾਂਤਰੀ ਸਰਹੱਦ ’ਤੇ ਖੜ੍ਹੀ ਕੀਤੀ ‘ਐਂਟੀ ਡਰੋਨ ਸਿਸਟਮ’ ਵਾਲੀ ਬੱਸ ’ਤੇ ਤਾਇਨਾਤ ਪੰਜਾਬ ਪੁਲੀਸ ਦੇ ਸਿਪਾਹੀ ਕਰਮ ਸਿੰਘ (729) ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਬੀ.ਐੱਸ.ਐੱਫ਼. ਨੇ ਲੰਘੀ ਰਾਤ ਫੜਿਆ ਹੈ। ਤਰਨ ਤਾਰਨ ਪੁਲੀਸ ਦਾ ਸਿਪਾਹੀ ਕਰਮ ਸਿੰਘ ਪਿੰਡ ਭੂਸੇ ਦਾ ਰਹਿਣ ਵਾਲਾ ਹੈ ਅਤੇ ਥਾਣਾ ਖਾਲੜਾ ਦੇ ਖੇਤਰ ਵਿੱਚ ਕੌਮਾਂਤਰੀ ਸਰਹੱਦ ’ਤੇ ਐਂਟੀ ਡਰੋਨ ਸਿਸਟਮ ’ਤੇ ਉਸ ਦੀ ਤਾਇਨਾਤੀ ਸੀ। ਉਸ ਕੋਲੋਂ 15 ਕਿੱਲੋ ਹੈਰੋਇਨ ਫੜੀ ਗਈ ਹੈ। ਪੰਜਾਬ ਪੁਲੀਸ ਨੇ ਜਿਸ ਸਿਪਾਹੀ ਨੂੰ ਸਰਹੱਦ ਪਾਰੋਂ ਨਸ਼ਾ ਤਸਕਰੀ ਰੋਕਣ ਲਈ ਤਾਇਨਾਤ ਕੀਤਾ, ਉਹ ਸਿਪਾਹੀ ਹੀ ਨਸ਼ੇ ਦਾ ਸੌਦਾਗਰ ਨਿਕਲਿਆ। ਵੇਰਵਿਆਂ ਅਨੁਸਾਰ ਲੰਘੀ ਰਾਤ ਉਸ ਨੂੰ ਉਦੋਂ ਕਾਬੂ ਕੀਤਾ ਗਿਆ ਜਦੋਂ ਉਹ ਡਿਊਟੀ ਖ਼ਤਮ ਹੋਣ ਮਗਰੋਂ ਆਪਣੇ ਪਿੰਡ ਆ ਰਿਹਾ ਸੀ। ਸੂਤਰ ਦੱਸਦੇ ਹਨ ਕਿ ਸਿਪਾਹੀ ਕਰਮ ਸਿੰਘ ਖ਼ੁਦ ਵੀ ਨਸ਼ਾ ਕਰਦਾ ਹੈ। ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ 15 ਕਿੱਲੋ ਦੀ ਇਹ ਖੇਪ ਕਿਵੇਂ ਪ੍ਰਾਪਤ ਕੀਤੀ। ਜਾਣਕਾਰੀ ਅਨੁਸਾਰ ‘ਐਂਟੀ ਡਰੋਨ ਸਿਸਟਮ’ ਜ਼ਰੀਏ ਪਾਕਿਸਤਾਨ ਵਿੱਚੋਂ ਡਰੋਨ ਰਾਹੀਂ ਆਉਣ ਵਾਲੇ ਨਸ਼ੇ ਦਾ ਪਤਾ ਲਗਾਇਆ ਜਾਂਦਾ ਹੈ। ਤਰਨ ਤਾਰਨ ਦੇ ਡੀ.ਐੱਸ.ਪੀ. ਸੁਖਬੀਰ ਸਿੰਘ ਨੇ ਦੱਸਿਆ ਕਿ ਅੱਜ ਸਵੇਰ ਵਕਤ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇਹ ਮਾਮਲਾ ਫੜਿਆ ਹੈ, ਜਿਸ ਦੀ ਪ੍ਰਕਿਰਿਆ ਚੱਲ ਰਹੀ ਹੈ।
Posted inChandigarh
‘ਐਂਟੀ ਡਰੋਨ ਬੱਸ’ ਦਾ ਸਿਪਾਹੀ ਨਸ਼ੇ ਦਾ ਸੌਦਾਗਰ..!

