Punjab weather alert: ਪੰਜਾਬ ’ਚ ਅੱਜ ਮੀਂਹ ਤੇ ਗੜਿਆਂ ਦੀ ਪੇਸ਼ੀਨਗੋਈ

Punjab weather alert: ਪੰਜਾਬ ’ਚ ਅੱਜ ਮੀਂਹ ਤੇ ਗੜਿਆਂ ਦੀ ਪੇਸ਼ੀਨਗੋਈ

ਚੰਡੀਗਡ਼੍ਹ : ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦਾ ਸੀਜ਼ਨ ਸਿਖ਼ਰ ’ਤੇ ਹੈ ਅਤੇ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਹਨ। ਪਿਛਲੇ ਦਿਨੀਂ ਮੀਂਹ ਕਾਰਨ ਹਾਲੇ ਝੋਨੇ ਦੇ ਖੇਤ ਸੁੱਕੇ ਨਹੀਂ ਕਿ ਇਸੇ ਦੌਰਾਨ ਪੰਜਾਬ ਦਾ ਮੌਸਮ ਮੁੜ ਤੋਂ ਖਰਾਬ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ 15 ਅਕਤੂਬਰ ਨੂੰ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਪੱਛਮੀ ਗੜਬੜ ਕਾਰਨ ਤੇਜ਼ ਹਵਾ ਅਤੇ ਭਾਰੀ ਮੀਂਹ ਨਾਲ ਗੜਿਆਂ ਦੀ ਚਿਤਾਵਨੀ ਦਿੱਤੀ ਹੈ। ਮੀਂਹ ਤੇ ਗੜਿਆਂ ਦੀ ਚਿਤਾਵਨੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ।  ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 14 ਅਕਤੂਬਰ ਦੀ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ, ਜਦੋਂ ਕਿ 15 ਅਕਤੂਬਰ ਨੂੰ ਦਿਨ ਸਮੇਂ ਪੰਜਾਬ ਵਿੱਚ ਮੁੜ ਤੋਂ ਮੌਸਮ ਬਦਲੇਗਾ। ਇਸ ਦੌਰਾਨ ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲੇਗੀ ਅਤੇ ਕਿੱਤੇ-ਕਿੱਤੇ ਭਾਰੀ ਮੀਂਹ ਅਤੇ ਗੜੇਮਾਰੀ ਹੋਵੇਗੀ। ਇਸ ਮੌਕੇ ਮੋਗਾ, ਲੁਧਿਆਣਾ, ਬਰਨਾਲਾ, ਮਾਲੇਰਕੋਟਲਾ, ਪਟਿਆਲਾ, ਫ਼ਤਹਿਗੜ੍ਹ ਸਾਹਿਬ, ਰੋਪੜ, ਮੁਹਾਲੀ ਅਤੇ ਚੰਡੀਗੜ੍ਹ ਦੇ ਇਲਾਕਿਆਂ ’ਚ ਗਰਜ-ਚਮਕ ਨਾਲ ਭਾਰੀ ਮੀਂਹ ਤੇ ਗੜੇਮਾਰੀ ਹੋਣ ਦੀ ਉਮੀਦ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 29.62 ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ ਵਿੱਚੋਂ 28.63 ਲੱਖ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਹਾਲਾਂਕਿ ਮੰਡੀਆਂ ਵਿੱਚੋਂ 13.46 ਲੱਖ ਟਨ ਝੋਨੇ ਦੀ ਲਿਫਟਿੰਗ ਹੋਈ ਹੈ। ਇਸ ਤੋਂ ਸੂਬੇ ਭਰ ’ਚ ਕਿਸਾਨਾਂ ਵੱਲੋਂ ਝੋਨੇ ਦੀ ਵਾਢੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਪਏ ਮੀਂਹ ਕਰਕੇ ਵੀ ਮੰਡੀਆਂ ਅਤੇ ਖੇਤਾਂ ਵਿੱਚ ਕਿਸਾਨਾਂ ਦੀ ਫਸਲ ਭਿੱਜ ਗਈ ਸੀ।

Share: