ਸ਼ੰਘਾਈ : ਦਾਨਿਲ ਮੈਦਵੇਦੇਵ ਆਪਣੇ ਅਤੇ ਸਟੈਫਾਨੋਸ ਸਿਤਸਿਪਾਸ ਦਰਮਿਆਨ ਲੰਮੇ ਸਮੇਂ ਤੋਂ ਚੱਲੇ ਆ ਰਹੇ ਰੋਮਾਂਚਕ ਮੁਕਾਬਲੇ ਵਿੱਚ ਸਿਤਸਿਪਾਸ ਨੂੰ ਹਰਾ ਕੇ ਸ਼ੰਘਾਈ ਮਾਸਟਰਜ਼ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਿਆ ਹੈ; ਹਾਲਾਂਕਿ ਇਸ ਵਾਰ ਕੋਈ ਖ਼ਾਸ ਹੰਗਾਮਾ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਪੰਜਵਾਂ ਦਰਜਾ ਪ੍ਰਾਪਤ ਮੈਦਵੇਦੇਵ ਨੇ 6-4, 7-5 ਨਾਲ ਜਿੱਤ ਦਰਜ ਕੀਤੀ। ਉਹ ਰੋਜਰ ਫੈਡਰਰ, ਨੋਵਾਕ ਜੋਕੋਵਿਚ ਅਤੇ ਐਂਡੀ ਮਰੇ ਤੋਂ ਬਾਅਦ ਲਗਾਤਾਰ ਤਿੰਨ ਸਾਲਾਂ ਵਿੱਚ ਟੂਰਨਾਮੈਂਟ ਦੇ ਆਖ਼ਰੀ ਅੱਠ ਖਿਡਾਰੀਆਂ ਵਿੱਚ ਪੁੱਜਣ ਵਾਲਾ ਸਿਰਫ਼ ਚੌਥਾ ਖਿਡਾਰੀ ਬਣ ਗਿਆ ਹੈ।
ਬੀਤੇ ਸਾਲਾਂ ਵਿੱਚ ਮੈਦਵੇਦੇਵ ਅਤੇ ਸਿਤਸਿਪਾਸ ਦੇ ਪੁਰਾਣੇ ਮੁਕਾਬਲਿਆਂ ਦੌਰਾਨ ਤਲਖ਼ ਕਲਾਮੀ ਵੀ ਦੇਖਣ ਨੂੰ ਮਿਲੀ ਹੈ, ਜਿਸ ਵਿੱਚ 2022 ਦਾ ਆਸਟਰੇਲੀਅਨ ਓਪਨ ਸੈਮੀ ਫਾਈਨਲ ਵੀ ਸ਼ਾਮਲ ਹੈ। ਇਸ ਤੋਂ ਪਹਿਲਾਂ, ਰਾਫੇਲ ਜੋਦਾਰ ਨੇ ਲਗਾਤਾਰ ਤੀਜੇ ਮੈਚ ਵਿੱਚ ਪਹਿਲਾ ਸੈੱਟ ਹਾਰਨ ਤੋਂ ਬਾਅਦ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ ਅਤੇ ਕੁਆਰਟਰ ਫਾਈਨਲ ਵਿੱਚ ਪੁੱਜਿਆ। ਸਪੇਨ ਦੇ ਇਸ 20 ਸਾਲਾ ਖਿਡਾਰੀ ਨੇ ਬੋਟਿਕ ਵੈਨ ਡੀ ਜ਼ੈਂਡਸ਼ੁਲਪ ਨੂੰ 6-7(4), 6-4, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਦੂਜੇ ਗੇੜ ਵਿੱਚ ਥਿਆਗੋ ਅਗਸਟਿਨ ਤਿਰਾਂਤੇ ਅਤੇ ਤੀਜੇ ਗੇੜ ਵਿੱਚ ਜਿਰੀ ਲੈਹੇਕਾ ਵਿਰੁੱਧ ਵੀ ਮੈਚ ਹਾਰ ਕੇ ਸ਼ਾਨਦਾਰ ਵਾਪਸੀ ਕੀਤੀ ਸੀ। ਮਾਸਟਰਜ਼ 1000 ਈਵੈਂਟ ਵਿੱਚ 12ਵਾਂ ਦਰਜਾ ਪ੍ਰਾਪਤ ਜੋਦਾਰ ਨੂੰ ਗ਼ੈਰ-ਖੇਡ ਭਾਵਨਾ ਵਾਲੇ ਸਲੂਕ ਲਈ ਚਿਤਾਵਨੀ ਮਿਲੀ ਸੀ। ਉਸ ਦਾ ਅਗਲਾ ਮੁਕਾਬਲਾ ਕੈਸਪਰ ਰੂਡ ਨਾਲ ਹੋਵੇਗਾ।
ਸਵਿਤੋਲਿਨਾ ਵੁਹਾਨ ਓਪਨ ਦੇ ਕੁਆਰਟਰ ਫਾਈਨਲ ’ਚ ਪੁੱਜੀ
ਵੁਹਾਨ: ਪੰਜਵਾਂ ਦਰਜਾ ਪ੍ਰਾਪਤ ਐਲਿਨਾ ਸਵਿਤੋਲਿਨਾ ਨੇ ਅੱਜ ਵੁਹਾਨ ਓਪਨ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਣ ਲਈ ਮੈਚ ਦੀਆਂ ਸ਼ੁਰੂਆਤੀ ਅਤੇ ਆਖ਼ਰੀ ਗੇਮਾਂ ਵਿੱਚ ਗੁਓ ਹਾਨਯੂ ਦੀ ਸਰਵਿਸ ਤੋੜੀ ਅਤੇ ਚੀਨੀ ਵਾਈਲਡ ਕਾਰਡ ਖਿਡਾਰਨ ਨੂੰ 6-1, 6-4 ਨਾਲ ਹਰਾ ਦਿੱਤਾ। ਸਵਿਤੋਲਿਨਾ ਪਿਛਲੇ ਹਫਤੇ ਚਾਈਨਾ ਓਪਨ ਦੇ ਕੁਆਰਟਰ ਫਾਈਨਲ ਵਿੱਚ ਜ਼ੇਂਗ ਕਿਨਵੇਨ ਤੋਂ ਹਾਰ ਗਈ ਸੀ। ਜ਼ੇਂਗ ਨੇ ਬਾਅਦ ਵਿਚ ਇਹ ਚੈਂਪੀਅਨਸ਼ਿਪ ਜਿੱਤੀ ਸੀ। ਬੁੱਧਵਾਰ ਨੂੰ, ਚੋਟੀ ਦਾ ਦਰਜਾ ਪ੍ਰਾਪਤ ਐਰਿਨਾ ਸਬਾਲੈਂਕਾ ਅਤੇ ਦੂਜਾ ਦਰਜਾ ਪ੍ਰਾਪਤ ਜੈਸਿਕਾ ਪੇਗੁਲਾ ਆਪਣੇ ਦੂਜੇ ਗੇੜ ਦੇ ਮੈਚ ਹਾਰ ਗਈਆਂ। ਸਬਾਲੈਂਕਾ ਲਈ ਇਹ ਲਗਾਤਾਰ ਦੂਜੀ ਹਾਰ ਸੀ।

