ਰੋਮ : ਕਿਲੀਅਨ ਐਮਬਾਪੇ (27) ਚੈਂਪੀਅਨਜ਼ ਲੀਗ ਫੁਟਬਾਲ ਟੂਰਨਾਮੈਂਟ ’ਚ ਸਭ ਤੋਂ ਘੱਟ ਉਮਰ ’ਚ 100 ਮੈਚ ਖੇਡਣ ਵਾਲਾ ਖਿਡਾਰੀ ਬਣ ਗਿਆ ਹੈ। ਐਮਬਾਪੇ ਨੇ ਰਿਆਲ ਮੈਡਰਿਡ ਅਤੇ ਰੋਮਾ ਵਿਚਾਲੇ ਖੇਡੇ ਗਏ ਮੈਚ ’ਚ ਇਹ ਪ੍ਰਾਪਤੀ ਕੀਤੀ ਹੈ। ਐਮਬਾਪੇ ਨੇ ਲਿਓਨਲ ਮੈਸੀ ਦਾ ਰਿਕਾਰਡ ਤੋੜਿਆ ਜਿਨ੍ਹਾਂ ਸਤੰਬਰ 2015 ’ਚ 28 ਸਾਲ ਦੀ ਉਮਰ ’ਚ ਬਾਰਸੀਲੋਨਾ ਤਰਫੋਂ ਰੋਮਾ ਖ਼ਿਲਾਫ਼ ਖੇਡਦਿਆਂ ਪਿਛਲਾ ਰਿਕਾਰਡ ਬਣਾਇਆ ਸੀ। ਐਮਬਾਪੇ ਨੇ ਮੈਡਰਿਡ ਦੀ 4-3 ਦੀ ਜਿੱਤ ’ਚ ਪਹਿਲੇ ਅੱਧ ’ਚ ਬਰਾਬਰੀ ਦਾ ਗੋਲ ਦਾਗ਼ ਕੇ ਇਸ ਪ੍ਰਾਪਤੀ ਦਾ ਜਸ਼ਨ ਮਨਾਇਆ।
ਚੈਂਪੀਅਨਜ਼ ਲੀਗ ’ਚ ਬੁੱਧਵਾਰ ਨੂੰ ਮੈਸੀ ਦਾ ਸਿਰਫ਼ ਇਹ ਰਿਕਾਰਡ ਹੀ ਨਹੀਂ ਟੁੱਟਿਆ ਸਗੋਂ ਇੱਕ ਹੋਰ ਰਿਕਾਰਡ ਉਨ੍ਹਾਂ ਦੇ ਨਾਮ ਤੋਂ ਹਟ ਗਿਆ। ਮਾਨਚੈਸਟਰ ਸਿਟੀ ਦੇ ਅਰਲਿੰਗ ਹਾਲੈਂਡ ਨੇ ਪੈਰਿਸ ਸੇਂਟ ਜਰਮੇਨ ਖ਼ਿਲਾਫ਼ ਆਪਣੀ ਟੀਮ ਦੀ 2-4 ਗੋਲਾਂ ਨਾਲ ਹਾਰ ਦੌਰਾਨ ਦੋ ਗੋਲ ਕੀਤੇ। ਇਸ ਨਾਲ ਉਸ ਦੇ ਚੈਂਪੀਅਨਜ਼ ਲੀਗ ’ਚ ਕੁੱਲ ਗੋਲਾਂ ਦੀ ਗਿਣਤੀ 60 ਮੈਚਾਂ ’ਚ 61 ਹੋ ਗਈ ਹੈ। ਹਾਲੈਂਡ 26 ਸਾਲ ਅਤੇ 85 ਦਿਨ ਦੀ ਉਮਰ ’ਚ ਚੈਂਪੀਅਨਜ਼ ਲੀਗ ’ਚ 60 ਗੋਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਉਸ ਨੇ ਮੈਸੀ ਦੇ ਰਿਕਾਰਡ ਨੂੰ ਇੱਕ ਦਿਨ ਦੇ ਫ਼ਰਕ ਨਾਲ ਤੋੜਿਆ।

