ਕੈਨੇਡਾ ਵਿੱਚ ਪੰਜਾਬੀ ਮੂਲ ਦੇ ਇੱਕ ਪੁਲੀਸ ਅਫ਼ਸਰ ਅਤੇ ਉਨ੍ਹਾਂ ਦੇ ਤਿੰਨ ਸਾਥੀਆਂ ਨੂੰ ਇੱਕ ਸਟੋਰ ਵਿੱਚ ਦੋ ਔਰਤਾਂ ਨੂੰ ਬੰਦੀ ਬਣਾ ਕੇ ਚਾਕੂ ਨਾਲ ਹਮਲਾ ਕਰਨ ਵਾਲੇ ਹਮਲਾਵਰ ਵਿਰੁੱਧ ਦਿਖਾਈ ਬਹਾਦਰੀ ਤੇ ਤੁਰੰਤ ਕਾਰਵਾਈ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਹੈ। ਵੈਨਕੂਵਰ ਪੁਲੀਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਘਟਨਾ ਲਗਭਗ ਦੋ ਸਾਲ ਪਹਿਲਾਂ ਵਾਪਰੀ ਸੀ। ਘਟਨਾ ਸਥਾਨ ਦੀ ਬਾਰੀਕੀ ਨਾਲ ਜਾਂਚ ਅਤੇ ਪੀੜਤਾਂ ਦੇ ਬਿਆਨਾਂ ਤੋਂ ਬਾਅਦ ਪੁਲੀਸ ਅਧਿਕਾਰੀਆਂ ਨੂੰ ਇਹ ਸਨਮਾਨ ਦਿੱਤਾ ਗਿਆ ਹੈ।
ਜਾਣਕਾਰੀ ਮੁਤਾਬਕ 4 ਦਸੰਬਰ 2024 ਦੀ ਸਵੇਰ ਨੂੰ ਕਾਂਸਟੇਬਲ ਓਪਿੰਦਰ ਕੂਨਰ, ਰਾਈਲੀ ਨੈਲਮਜ਼, ਬਰਾਇਨ ਰੌਗਰ ਅਤੇ ਮਾਈਕਲ ਵੂ ਨੂੰ 911 ’ਤੇ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਨੇ ਡਾਊਨਟਾਊਨ ਦੇ ਇੱਕ ਰੈਸਟੋਰੈਂਟ ਵਿੱਚ ਦਾਖਲ ਹੋ ਕੇ ਸ਼ਰਾਬ ਤੇ ਚਾਕੂ ਚੋਰੀ ਕਰ ਲਏ ਹਨ। ਜਦੋਂ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਤਾਂ ਸ਼ੱਕੀ ਵਿਅਕਤੀ ਸਾਹਮਣੇ ਵਾਲੇ ਇੱਕ ਸਟੋਰ ਵਿੱਚ ਵੜ ਚੁੱਕਾ ਸੀ, ਜਿੱਥੇ ਉਸ ਨੇ ਇੱਕ ਮਹਿਲਾ ਕਰਮਚਾਰੀ ਦੇ ਸਿਰ, ਪਿੱਠ ਅਤੇ ਹੱਥ ’ਤੇ ਚਾਕੂ ਨਾਲ ਕਈ ਵਾਰ ਕੀਤੇ। ਜ਼ਖ਼ਮੀ ਔਰਤ ਅਤੇ ਇੱਕ ਹੋਰ ਮਹਿਲਾ ਕਰਮਚਾਰੀ ਹਮਲਾਵਰ ਨਾਲ ਸਟੋਰ ਦੇ ਅੰਦਰ ਹੀ ਫਸ ਗਈਆਂ ਸਨ।
ਮੌਕੇ ਤੇ ਪਹੁੰਚੇ ਅਧਿਕਾਰੀਆਂ ਨੇ ਸਟੋਰ ’ਚ ਦਾਖਲ ਹੋ ਕੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਸਫ਼ਲਤਾ ਨਾ ਮਿਲੀ ਤਾਂ ਇੱਕ ਕਾਂਸਟੇਬਲ ਨੇ ‘ਕੰਡਕਟਿਡ ਐਨਰਜੀ ਵੈਪਨ’ (ਟੇਜ਼ਰ) ਦੀ ਵਰਤੋਂ ਕੀਤੀ, ਜਿਸ ਦਾ ਹਮਲਾਵਰ ’ਤੇ ਕੋਈ ਅਸਰ ਨਹੀਂ ਹੋਇਆ। ਜਿਵੇਂ ਹੀ ਹਮਲਾਵਰ ਚਾਕੂ ਲੈ ਕੇ ਦੋਵਾਂ ਔਰਤਾਂ ਵੱਲ ਦੁਬਾਰਾ ਝਪਟਣ ਲੱਗਾ, ਤਾਂ ਦੂਜੇ ਕਾਂਸਟੇਬਲ ਨੇ ਗੋਲੀ ਚਲਾ ਕੇ ਖ਼ਤਰੇ ਨੂੰ ਉੱਥੇ ਹੀ ਖ਼ਤਮ ਕਰ ਦਿੱਤਾ।
ਘਟਨਾ ਤੋਂ ਤੁਰੰਤ ਬਾਅਦ ਪੁਲੀਸ ਅਧਿਕਾਰੀਆਂ ਨੇ ਪੀੜਤਾਂ ਨੂੰ ਡਾਕਟਰੀ ਮਦਦ ਅਤੇ ਪ੍ਰਾਇਮਰੀ ਸਹਾਇਤਾ ਦਿੱਤੀ, ਜਦਕਿ ਗੋਲੀ ਲੱਗਣ ਕਾਰਨ ਸ਼ੱਕੀ ਹਮਲਾਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਜਾਨਲੇਵਾ ਖ਼ਤਰੇ ਨੂੰ ਰੋਕਣ ਅਤੇ ਦੋ ਔਰਤਾਂ ਦੀ ਜਾਨ ਬਚਾਉਣ ਲਈ ਦਿਖਾਈ ਬਹਾਦਰੀ ਬਦਲੇ ਕਾਂਸਟੇਬਲ ਓਪਿੰਦਰ ਕੂਨਰ, ਰਾਈਲੀ ਨੈਲਮਜ਼, ਬ੍ਰਾਇਨ ਰੌਗਰ ਅਤੇ ਮਾਈਕਲ ਵੂ ਨੂੰ Chief Constable’s Citation ਨਾਲ ਸਨਮਾਨਿਤ ਕੀਤਾ ਗਿਆ।

