ਲਖਨਊ : ਉੱਤਰ ਪ੍ਰਦੇਸ਼ ਪੁਲੀਸ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਕਾਫ਼ਲੇ ਦੇ ਪਿੱਛੇ ਚੱਲ ਰਹੇ ਵਾਹਨਾਂ ਦੀ ਟੱਕਰ ਦੀ ਘਟਨਾ ਦੀ ਜਾਂਚ ਲਈ ਵਿਸ਼ੇਸ਼ ਤਫ਼ਤੀਸ਼ੀ ਟੀਮ (SIT) ਦਾ ਗਠਨ ਕੀਤਾ ਹੈ। ਸੀਨੀਅਰ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਪੁਲੀਸ ਮਹਾਨਿਰਦੇਸ਼ਕ (ਡੀ.ਜੀ.ਪੀ.) ਰਾਜੀਵ ਕ੍ਰਿਸ਼ਨ ਦੇ ਨਿਰਦੇਸ਼ਾਂ ’ਤੇ ਗਠਿਤ ਐੱਸ.ਆਈ.ਟੀ. ਘਟਨਾ ਦੇ ਸਾਰੇ ਪਹਿਲੂਆਂ ਦੀ ਵਿਸਥਾਰਪੂਰਵਕ ਜਾਂਚ ਕਰੇਗੀ। ਇਹ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਰਾਹੁਲ ਗਾਂਧੀ ਸੁਲਤਾਨਪੁਰ ਵਿੱਚ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਜਾ ਰਹੇ ਸਨ। ਇੱਕ ਅਧਿਕਾਰਤ ਬਿਆਨ ਮੁਤਾਬਕ, ਐੱਸ.ਆਈ.ਟੀ. ਦੀ ਅਗਵਾਈ ਲਖਨਊ ਰੇਂਜ ਦੇ ਪੁਲੀਸ ਮਹਾਨਿਰੀਖਕ (ਆਈ.ਜੀ.) ਕਿਰਨ ਐੱਸ. ਕਰਨਗੇ, ਜਦਕਿ ਸੁਲਤਾਨਪੁਰ ਦੇ ਵਧੀਕ ਪੁਲੀਸ ਕਪਤਾਨ (ਏ.ਡੀ.ਸੀ.ਪੀ.) ਬ੍ਰਿਜ ਨਾਰਾਇਣ ਸਿੰਘ ਅਤੇ ਸੁਲਤਾਨਪੁਰ ਦੇ ਟਰੈਫਿਕ ਡਿਪਟੀ ਪੁਲੀਸ ਕਪਤਾਨ (ਡੀ.ਐੱਸ.ਪੀ.) ਰਾਮ ਕ੍ਰਿਸ਼ਨ ਚਤੁਰਵੇਦੀ ਇਸ ਦੇ ਮੈਂਬਰ ਹੋਣਗੇ।
ਬਿਆਨ ਅਨੁਸਾਰ, ਐੱਸ.ਆਈ.ਟੀ. ਨੂੰ ਹਾਦਸੇ ਦੇ ਕਾਰਨਾਂ ਅਤੇ ਪਰਿਸਥਿਤੀਆਂ ਦੀ ਜਾਂਚ ਕਰਨ ਦੇ ਨਾਲ-ਨਾਲ ਇਹ ਵੀ ਪਤਾ ਲਗਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਸੁਰੱਖਿਆ ਪ੍ਰਬੰਧਾਂ ਜਾਂ ਟਰੈਫਿਕ ਕੰਟਰੋਲ ਵਿੱਚ ਕੋਈ ਲਾਪਰਵਾਹੀ ਜਾਂ ਕੁਤਾਹੀ ਤਾਂ ਨਹੀਂ ਹੋਈ। ਜਾਂਚ ਟੀਮ ਨੂੰ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਉਪਾਅ ਸੁਝਾਉਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਐੱਸ.ਆਈ.ਟੀ. ਸਾਰੇ ਪਹਿਲੂਆਂ ਦੀ ਜਾਂਚ ਕਰਕੇ ਜਲਦ ਤੋਂ ਜਲਦ ਪੁਲੀਸ ਹੈੱਡਕੁਆਰਟਰ ਨੂੰ ਵਿਸਥਾਰਪੂਰਵਕ ਰਿਪੋਰਟ ਸੌਂਪੇਗੀ।
ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਰਾਹੁਲ ਗਾਂਧੀ ਦੇ ਕਾਫ਼ਲੇ ਵਿੱਚ ਸ਼ਾਮਲ ਕੁਝ ਵਾਹਨ ਪੂਰਵਾਂਚਲ ਐਕਸਪ੍ਰੈੱਸ-ਵੇਅ ’ਤੇ ਆਪਸ ਵਿੱਚ ਟਕਰਾ ਗਏ। ਇਹ ਘਟਨਾ ਸਵੇਰੇ ਲਗਪਗ 10:15 ਵਜੇ ਵਾਪਰੀ ਜਦੋਂ ਰਾਹੁਲ ਗਾਂਧੀ ਸੁਲਤਾਨਪੁਰ ਜਾ ਰਹੇ ਸਨ।
ਅਧਿਕਾਰੀ ਮੁਤਾਬਕ, ਕਾਫ਼ਲੇ ਵਿੱਚ ਸਭ ਤੋਂ ਅੱਗੇ ਚੱਲ ਰਹੀ ਸਥਾਨਕ ਕਾਂਗਰਸੀ ਆਗੂਆਂ ਦੀ ਇੱਕ ਨਿੱਜੀ ਗੱਡੀ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਨਾਲ ਪਿੱਛੇ ਚੱਲ ਰਹੇ ਵਾਹਨ ਇੱਕ-ਦੂਜੇ ਨਾਲ ਟਕਰਾ ਗਏ। ਪੁਲੀਸ ਨੇ ਦੱਸਿਆ ਕਿ ਟੱਕਰ ਵਿੱਚ ਸ਼ਾਮਲ ਕੁਝ ਵਾਹਨ ਰਸਤੇ ਵਿੱਚ ਕਾਫ਼ਲੇ ਨਾਲ ਜੁੜੇ ਸਨ, ਜਿਨ੍ਹਾਂ ਵਿੱਚ ਗੁਆਂਢੀ ਜ਼ਿਲ੍ਹੇ ਅਮੇਠੀ ਦੇ ਕਾਂਗਰਸ ਕਰਮਚਾਰੀਆਂ ਸਮੇਤ ਹੋਰ ਲੋਕ ਸਵਾਰ ਸਨ।
ਅਧਿਕਾਰੀ ਨੇ ਦੱਸਿਆ ਕਿ ਹਾਦਸੇ ਵਿੱਚ ਰਾਹੁਲ ਗਾਂਧੀ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਦੱਸਿਆ ਕਿ ਘਟਨਾ ਗੰਭੀਰ ਨਹੀਂ ਸੀ ਅਤੇ ਇਸ ਵਿੱਚ ਕਿਸੇ ਦੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

