ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੇ ਮੁਲਾਜ਼ਮਾਂ ਵੱਲੋਂ ਸ਼ਹਿਰ ਅੰਦਰ ਕੀਤੇ ਜਾ ਰਹੇ ਸਫ਼ਾਈ ਕਾਰਜਾਂ ਦੀ ਢਿੱਲੀ ਕਾਰਗੁਜ਼ਾਰੀ ਤੋਂ ਖ਼ਫ਼ਾ ਹੋ ਕੇ ਪਦਮਸ੍ਰੀ ਐਵਾਰਡ ਨਾਲ ਸਨਮਾਨਿਤ 89 ਸਾਲਾ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਇੱਕ ਵਾਰ ਫਿਰ ਗਲੀਆਂ ਤੇ ਸੜਕਾਂ ਤੋਂ ਕੂੜਾ-ਕਰਕਟ ਚੁੱਕਣ ਲਈ ਮੈਦਾਨ ਵਿੱਚ ਨਿੱਤਰ ਆਏ ਹਨ। ਇਲਾਕੇ ਵਿੱਚ ਰੋਜ਼ਾਨਾ ਲੱਗ ਰਹੇ ਕੂੜੇ ਦੇ ਢੇਰਾਂ ਤੋਂ ਚਿੰਤਤ ਸ. ਸਿੱਧੂ ਨੇ ਕਿਹਾ ਕਿ ਕੋਈ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਕਹੇ ਕਿ ਉਹ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਰੋਜ਼ਾਨਾ ਖ਼ੁਦ ਦੌਰਾ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਸਫ਼ਾਈ ਸੇਵਕ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾ ਰਹੇ ਹਨ ਜਾਂ ਨਹੀਂ।
ਉਨ੍ਹਾਂ ਦੱਸਿਆ ਕਿ ਸੜਕਾਂ, ਪਾਰਕਾਂ, ਗਲੀਆਂ ਅਤੇ ਬਾਜ਼ਾਰਾਂ ਵਿੱਚ ਥਾਂ-ਥਾਂ ਕੂੜਾ ਖਿੱਲਰਿਆ ਪਿਆ ਹੈ। ਚੰਡੀਗੜ੍ਹ ਦੇ ਸੈਕਟਰ-49 ਸਥਿਤ ਪਾਰਕ ਵਿੱਚੋਂ ਕੂੜਾਦਾਨ ਹੀ ਗਾਇਬ ਹਨ। ਇਸੇ ਤਰ੍ਹਾਂ ਬਾਜ਼ਾਰ ਵਿੱਚ ਵੀ ਗੰਦਗੀ ਦੇ ਆਲਮ ਕਾਰਨ ਬੁਰਾ ਹਾਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੁਕਾਨਦਾਰਾਂ ਨੇ ਸੈਕਟਰ 49-ਏ ਦੇ ਬਾਜ਼ਾਰ ਵਿੱਚ ਜਨਤਕ ਪਖਾਨਿਆਂ ਦੇ ਬਾਹਰ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਇੱਥੇ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਹ ਪਖਾਨੇ ਦੀ ਵਰਤੋਂ ਤੱਕ ਨਹੀਂ ਕਰ ਪਾ ਰਹੇ। ਸਿੱਧੂ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਬੇਟਾ, ਜੋ ਕਿ ਅਮਰੀਕਾ ਵਿੱਚ ਰਹਿੰਦਾ ਹੈ, ਉਹ ਵੀ ਇਸ ਸਫ਼ਾਈ ਮੁਹਿੰਮ ਵਿੱਚ ਉਨ੍ਹਾਂ ਦਾ ਸਾਥ ਦੇ ਰਿਹਾ ਹੈ। ਸਿੱਧੂ ਨੇ ਖ਼ੁਲਾਸਾ ਕੀਤਾ ਕਿ ਖ਼ਰਾਬ ਸਿਹਤ ਦੇ ਮੱਦੇਨਜ਼ਰ ਉਨ੍ਹਾਂ ਦੇ ਬੇਟੇ ਨੇ ਉਨ੍ਹਾਂ ਨੂੰ ਅਮਰੀਕਾ ਚੱਲਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਨੇ ਵਿਦੇਸ਼ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅਮਰੀਕਾ ਜਾਣ ਦੀ ਥਾਂ ਆਪਣੇ ਦੇਸ਼ ਵਿੱਚ ਸੇਵਾ ਕਰਦੇ ਹੋਏ ਹੀ ਆਖ਼ਰੀ ਸਾਹ ਲੈਣ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਜੀਵਨ ਦੇ ਆਖ਼ਰੀ ਦਮ ਤੱਕ ਜਿਸ ਵੀ ਰੂਪ ਵਿੱਚ ਹੋ ਸਕੇ, ਦੇਸ਼ ਲਈ ਆਪਣਾ ਯੋਗਦਾਨ ਪਾਉਂਦੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਪੁਲੀਸ ਅਧਿਕਾਰੀ ਵਜੋਂ ਦੇਸ਼ ਦੀ ਸੇਵਾ ਕੀਤੀ ਅਤੇ ਹੁਣ ਸੇਵਾਮੁਕਤੀ ਮਗਰੋਂ ਉਹ ਸਫ਼ਾਈ ਵਰਗੇ ਨੇਕ ਕੰਮ ਰਾਹੀਂ ਸਮਾਜ ਸੇਵਾ ਨਿਭਾ ਰਹੇ ਹਨ।
ਗੁਆਂਢੀ ਰਾਜੇਸ਼ ਕੇ. ਆਰੀਆ ਨੇ ਦੱਸਿਆ ਕਿ ਬੁਢਾਪੇ ਕਾਰਨ ਨਾਜ਼ੁਕ ਸਿਹਤ ਹੋਣ ਦੇ ਬਾਵਜੂਦ ਇੰਦਰਜੀਤ ਸਿੰਘ ਸਿੱਧੂ ਰੋਜ਼ਾਨਾ ਸਵੇਰੇ-ਸ਼ਾਮ ਗਲੀਆਂ ਦੀ ਸਫ਼ਾਈ ਕਰਦੇ ਹਨ। ਆਰੀਆ ਨੇ ਕਿਹਾ ਕਿ ਸਫ਼ਾਈ ਪ੍ਰਤੀ ਉਨ੍ਹਾਂ ਦਾ ਇਹ ਜਜ਼ਬਾ ਇਲਾਕਾ ਨਿਵਾਸੀਆਂ ਲਈ ਇੱਕ ਵੱਡੀ ਪ੍ਰੇਰਨਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਉਹ ਉਨ੍ਹਾਂ ਨੂੰ ਆਰਾਮ ਕਰਨ ਦੀ ਸਲਾਹ ਦਿੰਦੇ ਹਨ, ਪਰ ਉਹ ਹਮੇਸ਼ਾ ਮੁਸਕਰਾ ਕੇ ਇਨਕਾਰ ਕਰ ਦਿੰਦੇ ਹਨ ਅਤੇ ਆਪਣੇ ਕਾਰਜ ਵਿੱਚ ਜੁਟੇ ਰਹਿੰਦੇ ਹਨ।
ਦੇਸ਼ ਦੇ ਵੱਕਾਰੀ ‘ਪਦਮਸ੍ਰੀ’ ਸਨਮਾਨ ਨੇ ਵੀ ਉਨ੍ਹਾਂ ਦੇ ਨਿਮਰ ਸੁਭਾਅ ਅਤੇ ਜੀਵਨ ਸ਼ੈਲੀ ਨੂੰ ਨਹੀਂ ਬਦਲਿਆ। ਸ. ਸਿੱਧੂ ਸਾਲ 1996 ਵਿੱਚ ਪੰਜਾਬ ਪੁਲੀਸ ਵਿੱਚੋਂ ਡੀ.ਆਈ.ਜੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਜਦੋਂ ਉਨ੍ਹਾਂ ਨੇ ਆਪਣੀ ਸੁਸਾਇਟੀ ਅਤੇ ਆਲੇ-ਦੁਆਲੇ ਕੂੜਾ ਖਿੱਲਰਿਆ ਦੇਖਿਆ ਤਾਂ ਮੁਲਾਜ਼ਮਾਂ ਨੂੰ ਸ਼ਿਕਾਇਤ ਕੀਤੀ, ਪਰ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਇਸ ਮਗਰੋਂ ਉਨ੍ਹਾਂ ਨੇ ਖ਼ੁਦ ਹੀ ਇਲਾਕੇ ਨੂੰ ਸਾਫ਼ ਰੱਖਣ ਦਾ ਬੀੜਾ ਚੁੱਕ ਲਿਆ। ਜ਼ਿਕਰਯੋਗ ਹੈ ਕਿ ਸਿੱਧੂ ਨੂੰ ਇਸੇ ਸਾਲ ਜੂਨ ਮਹੀਨੇ ਨਵੀਂ ਦਿੱਲੀ ਦੇ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ਪਦਮਸ੍ਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ, ਜਿਸ ਨਾਲ ਸਮੁੱਚੇ ਸ਼ਹਿਰ ਦਾ ਨਾਂ ਰੌਸ਼ਨ ਹੋਇਆ ਸੀ।

