Suvendu Adhikari ਵੱਲੋਂ Election Commission ਦਾ ਬਚਾਅ

Suvendu Adhikari ਵੱਲੋਂ Election Commission ਦਾ ਬਚਾਅ

ਕੋਲਕਾਤਾ : ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਨੇ ਐੱਸ ਆਈ ਆਰ ਬਾਰੇ ਉੱਠੇ ਸਿਆਸੀ ਵਿਵਾਦ ਦਰਮਿਆਨ ਅੱਜ ਚੋਣ ਕਮਿਸ਼ਨ ਦਾ ਜ਼ੋਰਦਾਰ ਢੰਗ ਨਾਲ ਬਚਾਅ ਕੀਤਾ। ਉਨ੍ਹਾਂ ਸੂਬੇ ਦੀਆਂ ਵੋਟਰ ਸੂਚੀਆਂ ’ਚੋਂ 27 ਲੱਖ ਨਾਮ ਹਟਾਉਣ ਲਈ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਸਿਰ ਠੀਕਰਾ ਭੰਨਿਆ। ਅਧਿਕਾਰੀ ਨੇ ਕਿਹਾ ਕਿ ਨਾਂ ਕੱਟਣ ਲਈ ਨਾ ਭਾਜਪਾ ਤੇ ਨਾ ਹੀ ਚੋਣ ਕਮਿਸ਼ਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਉਨ੍ਹਾਂ ਸੀ ਪੀ ਆਈ (ਐੱਮ) ਵੱਲ ਵਧਾਏ ਹੱਥ ਲਈ ਵੀ ਮਮਤਾ ਨੂੰ ਘੇਰਿਆ। ਇਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਧਿਕਾਰੀ ਨੇ ਚੋਣ ਕਮਿਸ਼ਨ ਵੱਲੋਂ ਲੰਘੇ ਦਿਨ ਕੀਤੀ ਮੀਟਿੰਗ ਦਾ ਹਵਾਲਾ ਦਿੱਤਾ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਐੈੱਸ ਆਈ ਆਰ ਬਾਰੇ ਫੈਸਲੇ ਸੀ ਈ ਸੀ ਗਿਆਨੇਸ਼ ਕੁਮਾਰ ਵੱਲੋਂ ਇਕਪਾਸੜ ਨਹੀਂ ਬਲਕਿ ਚੋਣ ਕਮਿਸ਼ਨ ਵੱਲੋਂ ਸਰਬਸੰਮਤੀ ਨਾਲ ਕੀਤੇ ਗਏ ਸਨ। ਮੁੱਖ ਮੰਤਰੀ ਨੇ ਐੱਸ ਆਈ ਆਰ ਦੇ ਮੁੱਦੇ ’ਤੇ ਸੀ ਪੀ ਆਈ ਐੱਮ ਤੱਕ ਪਹੁੰਚ ਕਰਨ ਲਈ ਵੀ ਮਮਤਾ ਬੈਨਰਜੀ ਨੂੰ ਘੇਰਿਆ। ਉਨ੍ਹਾਂ ਦਾਅਵਾ ਕੀਤਾ, ‘‘ਸੀ ਪੀ ਆਈ (ਐੱਮ), ਜਿਸ ਨੇ 34 ਸਾਲ ਤੱਕ ਬੰਗਾਲ ਵਿੱਚ ਅਨਿਆਂ ਕੀਤਾ, ਹੁਣ ਉਨ੍ਹਾਂ (ਮਮਤਾ) ਦੀ ਦੋਸਤ ਬਣ ਗਈ ਹੈ। ਇਹ ਸੀ ਪੀ ਆਈ (ਐੱਮ)-ਤ੍ਰਿਣਮੂਲ ਕਾਂਗਰਸ ਦੀ ਲਵ ਸਟੋਰੀ ਹੈ।’’

ਕੁਨਾਲ ਘੋਸ਼ ਦੀ ਗੱਡੀ ’ਤੇ ਹਮਲਾ

ਕੋਲਕਾਤਾ: ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਧੜੇ ਨਾਲ ਸਬੰਧਤ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਕੁਨਾਲ ਘੋਸ਼ ਨੇ ਅੱਜ ਪੂਰਬੀ ਕੋਲਕਾਤਾ ਦੇ ਬੇਲਿਆਘਾਟਾ ਹਲਕੇ ਵਿੱਚ ਪ੍ਰੋਗਰਾਮ ਦੌਰਾਨ ਉਨ੍ਹਾਂ ਦੀ ਕਾਰ ’ਤੇ ਜਾਨਲੇਵਾ ਹਮਲਾ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਘੋਸ਼ ਮੁਤਾਬਕ ਨਾਰਕੇਲਡਾਂਗਾ ਇਲਾਕੇ ਵਿੱਚ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਹਥੌੜਿਆਂ ਨਾਲ ਭੰਨ ਦਿੱਤੇ ਅਤੇ ਇੱਕ ਹਮਲਾਵਰ ਨੇ ਉਨ੍ਹਾਂ ਦੇ ਸੁਰੱਖਿਆ ਕਰਮੀ ’ਤੇ ਪਿਸਤੌਲ ਵੀ ਤਾਣੀ।
Share: