ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2016 ’ਚ ਕੀਤੀ ਸਰਜੀਕਲ ਸਟਰਾਈਕ ਅਤਿਵਾਦੀ ਹਮਲਿਆਂ ਦਾ ਦਰਦ ਸਹਿ ਰਹੇ ਭਾਰਤ ਦਾ ਫ਼ੈਸਲਾਕੁਨ ਜਵਾਬ ਸੀ ਅਤੇ ਇਸ ਨੇ ਅਤਿਵਾਦ ਨਾਲ ਸਿੱਝਣ ਦੀ ਮੁਲਕ ਦੀ ਨੀਤੀ ਦੀ ਨਵੀਂ ਮਿਸਾਲ ਦੁਨੀਆ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਕਿਹਾ ਕਿ ਭਾਰਤ ਅਤਿਵਾਦ ਨੂੰ ਕਦੇ ਵੀ ਸਹਿਣ ਨਾ ਕਰਨ ਦੀ ਨੀਤੀ ’ਤੇ ਚਲਦਾ ਹੈ।
ਸਰਜੀਕਲ ਸਟਰਾਈਕ ਦੀ 10ਵੀਂ ਵਰ੍ਹੇਗੰਢ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਕਿਹਾ ਕਿ ਬਾਲਾਕੋਟ ਹਵਾਈ ਹਮਲੇ ਤੋਂ ਲੈ ਕੇ ਆਪਰੇਸ਼ਨ ਸਿੰਧੂਰ ਤੱਕ ਭਾਰਤ ਨੇ ਕਈ ਵਾਰ ਇਹ ਸਪੱਸ਼ਟ ਸੁਨੇਹਾ ਦਿੱਤਾ ਕਿ ਜੇ ਅਤਿਵਾਦੀ ਮੁਲਕ ’ਤੇ ਬੁਰੀ ਨਜ਼ਰ ਰੱਖਣ ਦੀ ਕੋਸ਼ਿਸ਼ ਕਰਨਗੇ ਤਾਂ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਮਿਲੇਗਾ। ਪ੍ਰਧਾਨ ਮੰਤਰੀ ਨੇ ਅਮਰੀਕਾ ’ਚ 9/11 ਦੇ ਦਹਿਸ਼ਤੀ ਹਮਲਿਆਂ ’ਚ ਮਾਰੇ ਗਏ ਭਾਰਤੀਆਂ ਨੂੰ ਵੀ ਸ਼ਰਧਾਂਜਲੀ ਦਿੱਤੀ। ਨਸ਼ਿਆਂ ਖ਼ਿਲਾਫ਼ ਜੰਗ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਲੱਖਾਂ ਨੌਜਵਾਨਾਂ ਨੇ ਨਸ਼ਿਆਂ ਖ਼ਿਲਾਫ਼ ਅਹਿਦ ਲਿਆ ਹੈ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਵਿਸ਼ਵ ਹਿੰਦੂ ਪਰਿਸ਼ਦ ਦੇ ਮਰਹੂਮ ਆਗੂ ਅਸ਼ੋਕ ਸਿੰਘਲ ਦੀ ਜੈਅੰਤੀ ’ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਹ ਅਜਿਹੇ ਵਿਅਕਤੀ ਸਨ ਜਿਨ੍ਹਾਂ ਦੀ ਜ਼ਿਆਦਾ ਚਰਚਾ ਨਹੀਂ ਹੁੰਦੀ ਹੈ। ਉਨ੍ਹਾਂ ਮਰਦਮਸ਼ੁਮਾਰੀ ਸਾਰਿਆਂ ਦੀ ਕੌਮੀ ਜ਼ਿੰਮੇਵਾਰੀ ਕਰਾਰ ਦਿੰਦਿਆਂ ਭਵਿੱਖ ਦੀ ਯੋਜਨਾਬੰਦੀ ਲਈ ਸਹੀ ਡੇਟਾ ਯਕੀਨੀ ਬਣਾਉਣ ਵਾਸਤੇ ਨਾਗਰਿਕਾਂ ਨੂੰ ਔਨਲਾਈਨ ਖੁਦ ਆਪਣੀ ਜਾਣਕਾਰੀ ਦਰਜ ਕਰਨ ਦੀ ਅਪੀਲ ਕੀਤੀ।
ਓਲੰਪੀਅਨ ਰਾਜਿੰਦਰ ਸਿੰਘ ਸੀਨੀਅਰ ਦੀ ਸ਼ਲਾਘਾ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਡਾਂ ਪ੍ਰਤੀ ਪ੍ਰਤਿਭਾ ਦੀ ਭਾਲ ਤਹਿਤ ਪੰਜਾਬ ਦੇ 1980 ਦੀ ਓਲੰਪਿਕ ਸੋਨ ਤਗ਼ਮਾ ਜੇਤੂ ਹਾਕੀ ਟੀਮ ਦੇ ਖਿਡਾਰੀ ਰਾਜਿੰਦਰ ਸਿੰਘ ਸੀਨੀਅਰ ਦੇ ਕੰਮ ਦੀ ਭਰਪੂਰ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ‘ਰਾਊਂਡ ਗਲਾਸ ਹਾਕੀ ਅਕੈਡਮੀ’ ਰਾਹੀਂ ਪਿੰਡਾਂ ’ਚ ਨਵੇਂ ਹਾਕੀ ਐਸਟਰੋਟਰਫ ਲਗਾ ਰਹੇ ਹਨ। ਰਾਜਿੰਦਰ ਸਿੰਘ ਦਾ ਮੁੱਖ ਟੀਚਾ ਉਨ੍ਹਾਂ ਪਿੰਡਾਂ ਦੇ ਬੱਚਿਆਂ ਦੀ ਪਛਾਣ ਕਰਨਾ ਹੈ ਜਿੱਥੇ ਵਧੀਆ ਕੋਚਿੰਗ ਸਹੂਲਤਾਂ ਨਹੀਂ ਪਹੁੰਚ ਸਕਦੀਆਂ। ਅਜਿਹੇ ਉਪਰਾਲਿਆਂ ਸਦਕਾ ਕਈ ਨੌਜਵਾਨ ਖਿਡਾਰੀ ਜੂਨੀਅਰ ਅਤੇ ਸੀਨੀਅਰ ਟੀਮਾਂ ’ਚ ਜਗ੍ਹਾ ਬਣਾਉਣ ’ਚ ਕਾਮਯਾਬ ਹੋ ਰਹੇ ਹਨ।

