ਬਰੇਟਾ (ਮਾਨਸਾ) : ਬਰੇਟਾ ਮੰਡੀ ਦੇ ਗੁਰਨਾਮ ਸਿੰਘ ਰਾਮਗੜ੍ਹੀਆ ਵੱਲੋਂ ਬਣਾਈ ਕਹੀ ਨਾਲ ਦਿੱਲੀ ’ਚ ਬਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਟੋਏ ਪੁੱਟ ਕੇ ਬੂਟੇ ਲਾਏ। ਗੁਰਨਾਮ ਸਿੰਘ (50) ਤਿੰਨ ਪੀੜ੍ਹੀਆਂ ਤੋਂ ਆਪਣਾ ਜੱਦੀ-ਪੁਸ਼ਤੀ ਕੰਮ ਕਰਦਾ ਆ ਰਿਹਾ ਹੈ। ਉਸ ਦੇ ਦਾਦਾ ਅਤੇ ਪਿਤਾ ਖੇਤੀ ਦੇ ਔਜ਼ਾਰ ਬਣਾਉਂਦੇ ਹਨ। ਉਹ ਮੁੱਖ ਤੌਰ ’ਤੇ ਲੱਕੜ ਅਤੇ ਪਿੱਤਲ ਦੀਆਂ ਸੋਹਣੀਆਂ ਡਾਂਗਾਂ ਬਣਾਉਂਦਾ ਹੈ, ਜੋ ਦਿੱਲੀ ਤੱਕ ਵਿਕਦੀਆਂ ਹਨ, ਜਦੋਂ ਬਰਿਕਸ ਸੰਮੇਲਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਹੋਰ ਮਹਿਮਾਨਾਂ ਦੇ ਹੱਥ ਵਿੱਚ ਉਸ ਦੀਆਂ ਬਣਾਈਆਂ ਕਹੀਆਂ ਵੇਖੀਆਂ ਗਈਆਂ ਤਾਂ ਇਸ ਦੀ ਚਰਚਾ ਹੋਰ ਵੀ ਵਧ ਗਈ। ਗੁਰਨਾਮ ਸਿੰਘ ਨੇ ਦੱਸਿਆ ਕਿ ਭਾਵੇਂ ਉਸ ਨੂੰ ਇਹ ਕੰਮ ਕਰਦਿਆਂ ਵਰ੍ਹੇ ਬੀਤ ਗਏ ਪਰ ਬਰਿਕਸ ਸੰਮੇਲਨ ਦੇ ਮਹਿਮਾਨਾਂ ਦੇ ਹੱਥ ਵਿੱਚ ਫੜ੍ਹੀ ਕਹੀ ਨੇ ਉਸ ਨੂੰ ਜੋ ਮਸ਼ਹੂਰੀ ਦਿਵਾਈ ਹੈ, ਉਸ ਤੋਂ ਲੱਗਦਾ ਹੈ ਕਿ ਜ਼ਿੰਦਗੀ ਭਰ ਦੀ ਮਿਹਨਤ ਦਾ ਮੁੱਲ ਹੁਣ ਪਿਆ ਹੈ। ਉਸ ਦੇ ਪੁੱਤਰ ਜਤਿਨ ਨੇ ਜਨਵਰੀ ਵਿੱਚ ਇੰਸਟਗ੍ਰਾਮ ’ਤੇ ਜੀ ਐੱਸ ਐਗਰੀਕਲਚਰ ਫੈਬਰੀਕੇਸ਼ਨ ਵਰਕਸ ਦਾ ਪੇਜ ਬਣਾਇਆ ਅਤੇ ਉਸ ਦੇ 29 ਹਜ਼ਾਰ ਫਾਲੋਅਰਜ਼ ਬਣ ਗਏ। ਜਤਿਨ ਨੇ ਆਪਣੇ ਬਾਪੂ ਦੇ ਹੱਥੀਂ ਬਣਾਏ ਔਜ਼ਾਰਾਂ ਦੀਆਂ ਵੀਡੀਓਜ਼ ਉਸ ’ਤੇ ਸਾਂਝੀਆਂ ਕੀਤੀਆਂ। ਬਰਿਕਸ ਸੰਮੇਲਨ ਤੋਂ ਪਹਿਲਾਂ ਉਸ ਦੀਆਂ ਵੀਡੀਓਜ਼ ਵੇਖ ਕੇ ਇਸ ਸਮਾਰੋਹ ਦੀ ਟੀਮ ਨੇ ਉਸ ਨਾਲ ਸੰਪਰਕ ਕੀਤਾ। ਪਹਿਲਾਂ ਦੋ ਨਮੂਨੇ ਮੰਗੇ ਤੇ ਪਸੰਦ ਆਉਣ ’ਤੇ 8 ਸਤੰਬਰ ਤੱਕ 11 ਕਹੀਆਂ ਬਣਾਉਣ ਦਾ ਟੀਮ ਵੱਲੋਂ ਆਰਡਰ ਦਿੱਤਾ ਗਿਆ ਸੀ। ਉਨ੍ਹਾਂ ਇਹ ਆਰਡਰ ਤਿਆਰ ਕਰ ਕੇ ਭੇਜ ਦਿੱਤਾ ਸੀ। ਇੱਕ ਕਹੀ ਦੀ ਕੀਮਤ 2000 ਰੁਪਏ ਹੈ ਅਤੇ ਇਹ ਆਮ ਕਹੀ ਨਹੀਂ ਹੈ, ਸਗੋਂ ਇਸ ’ਤੇ ਮੋਲਡਿੰਗ, ਨੱਕਾਸ਼ੀ ਅਤੇ ਲੱਕੜ ਦਾ ਵਧੀਆ ਕੰਮ ਕੀਤਾ ਹੋਇਆ ਹੈ।
Posted inMansa
Brics Summit: ਬਰੇਟਾ ਦੀ ਕਹੀ ਨਾਲ ਬਰਿਕਸ ਸੰਮੇਲਨ ਦੌਰਾਨ ਬੂਟੇ ਲਾਏ

