ਮਾਨਸਾ : ਪੰਜਾਬ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਕਈ ਯੂਨਿਟ ਬੰਦ ਹੋਣ ਕਾਰਨ ਕੁੱਲ ਬਿਜਲੀ ਉਤਪਾਦਨ ਤਕਰੀਬਨ ਅੱਧਾ ਰਹਿ ਗਿਆ ਹੈ। ਸੂਬੇ ਦੇ ਕਈ ਤਾਪਘਰ ਆਪਣੀ ਪੂਰੀ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕਰ ਰਹੇ, ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਘਰੇਲੂ, ਖੇਤੀਬਾੜੀ ਅਤੇ ਸਨਅਤੀ ਖ਼ਪਤਕਾਰਾਂ ਨੂੰ ਅਣਐਲਾਨੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਸਪਲਾਈ ਵਿੱਚ ਆਏ ਇਸ ਵੱਡੇ ਅੜਿੱਕੇ ਕਾਰਨ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਥਾਵਾਂ ’ਤੇ ਬਿਜਲੀ ਦਫ਼ਤਰਾਂ ਅੱਗੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ (ਟੀ ਐੱਸ ਪੀ ਐੱਲ) ਨੂੰ ਆਪਣਾ ਮੁੱਖ ਯੂਨਿਟ ਬੰਦ ਕਰਨਾ ਪਿਆ ਹੈ। 1980 ਮੈਗਾਵਾਟ ਦੀ ਕੁੱਲ ਸਮਰੱਥਾ ਵਾਲੇ ਇਸ ਤਾਪਘਰ ਦੇ ਪਹਿਲੇ ਅਤੇ ਦੂਜੇ ਯੂਨਿਟ ਵੱਲੋਂ ਕ੍ਰਮਵਾਰ 573 ਅਤੇ 585 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ 1400 ਮੈਗਾਵਾਟ ਦੀ ਸਮਰੱਥਾ ਵਾਲੇ ਨਾਭਾ ਪਾਵਰ ਲਿਮਟਿਡ ਰਾਜਪੁਰਾ ਦੇ ਦੋਵੇਂ ਯੂਨਿਟ ਸਿਰਫ਼ 655 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ। ਸਰਕਾਰੀ ਖੇਤਰ ਵਾਲੇ 920 ਮੈਗਾਵਾਟ ਦੇ ਲਹਿਰਾ ਮੁਹੱਬਤ ਤਾਪਘਰ ਦਾ ਪਹਿਲਾ ਯੂਨਿਟ ਬੰਦ ਹੈ; ਦੂਜੇ, ਤੀਜੇ ਤੇ ਚੌਥੇ ਯੂਨਿਟ ਤੋਂ ਕ੍ਰਮਵਾਰ 176, 230 ਅਤੇ 222 ਮੈਗਾਵਾਟ ਬਿਜਲੀ ਮਿਲ ਰਹੀ ਹੈ। ਜੀ ਜੀ ਐੱਸ ਐੱਸ ਟੀ ਪੀ ਰੋਪੜ ਦਾ ਛੇਵਾਂ ਯੂਨਿਟ ਪਿਛਲੇ ਲੰਬੇ ਸਮੇਂ ਤੋਂ ਬੰਦ ਹੈ ਅਤੇ ਬਾਕੀ ਤੀਜਾ, ਚੌਥਾ ਅਤੇ ਪੰਜਵਾਂ ਯੂਨਿਟ 114, 140 ਅਤੇ 93 ਮੈਗਾਵਾਟ ਉਤਪਾਦਨ ਕਰ ਰਿਹਾ ਹੈ। ਗੋਇੰਦਵਾਲ ਤਾਪਘਰ ਦੇ ਦੋਵੇਂ ਯੂਨਿਟ 493 ਮੈਗਾਵਾਟ ਬਿਜਲੀ ਸਪਲਾਈ ਕਰ ਰਹੇ ਹਨ।
ਯੂਨਿਟਾਂ ਦੇ ਬੰਦ ਹੋਣ ਦਾ ਮੁੱਖ ਕਾਰਨ ਕੋਲੇ ਦੀ ਘਾਟ ਦੱਸੀ ਜਾ ਰਹੀ ਹੈ। ਬਿਜਲੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਮੰਨਿਆ ਕਿ ਕੋਲੇ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਤਾਪਘਰ ਅੱਧੀ ਬਿਜਲੀ ਪੈਦਾ ਕਰ ਰਹੇ ਹਨ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ ਐੱਸ ਪੀ ਸੀ ਐੱਲ) ਅਨੁਸਾਰ ਸੂਬੇ ਦੇ ਕਈ ਥਰਮਲ ਪਲਾਂਟਾਂ ਕੋਲ ਥੋੜ੍ਹੇ ਦਿਨਾਂ ਦਾ ਹੀ ਕੋਲਾ ਬਚਿਆ ਹੈ।
ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਤਾਪਘਰਾਂ ਕੋਲ ਹਾਲੇ ਕਈ ਦਿਨਾਂ ਦਾ ਕੋਲਾ ਪਿਆ ਹੈ ਪਰ ਉਨ੍ਹਾਂ ਦੀ ਉਤਪਾਦਨ ਸਮਰੱਥਾ ਘੱਟ ਹੈ। ਦੂਜੇ ਪਾਸੇ, ਪ੍ਰਾਈਵੇਟ ਤਾਪਘਰਾਂ ਦੀ ਸਮਰੱਥਾ ਜ਼ਿਆਦਾ ਹੋਣ ਕਾਰਨ ਉਨ੍ਹਾਂ ਕੋਲ ਕੋਲੇ ਦੀ ਮਾਤਰਾ ਬਹੁਤ ਘੱਟ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਵੱਡਾ ਖ਼ਤਰਾ ਖੜ੍ਹਾ ਕਰ ਸਕਦੀ ਹੈ। ਬਿਜਲੀ ਮੰਤਰੀ ਨੇ ਕੇਂਦਰ ਸਰਕਾਰ ਤੋਂ ਕੋਲੇ ਦੀ ਸਪਲਾਈ ਤੁਰੰਤ ਸੁਧਾਰਨ ਦੀ ਮੰਗ ਕੀਤੀ ਹੈ।
ਦੂਰੋਂ ਕੋਲਾ ਲਿਆਉਣਾ ਬਣਿਆ ਅੜਿੱਕਾ
ਇੱਕ ਤਾਪਘਰ ਦੇ ਅਧਿਕਾਰੀ ਅਨੁਸਾਰ ਕੇਂਦਰ ਨੇ ਪੰਜਾਬ ਨੂੰ ਕੋਲੇ ਦੀ ਸਪਲਾਈ ਵਿੱਚ ਵੱਡੀ ਕਮੀ ਕੀਤੀ ਹੈ। ਇਸ ਤੋਂ ਇਲਾਵਾ ਕੌਮੀ ਪੱਧਰ ’ਤੇ 51 ਤਾਪਘਰਾਂ ਵਿੱਚ ਕੋਲੇ ਦਾ ਸਟਾਕ ਘਟਣ ਕਾਰਨ ਕੇਂਦਰੀ ਪੂਲ ਤੋਂ ਮਿਲਣ ਵਾਲੀ ਬਿਜਲੀ ਵੀ ਪ੍ਰਭਾਵਿਤ ਹੋਈ ਹੈ। ਮਾਲ ਗੱਡੀਆਂ ਦੀ ਘਾਟ ਅਤੇ ਦੂਰੋਂ ਕੋਲਾ ਲਿਆਉਣਾ ਵੀ ਇਸ ਵਿੱਚ ਵੱਡਾ ਅੜਿੱਕਾ ਹੈ। ਸ਼ਾਮ ਵੇਲੇ ਸੂਰਜੀ ਊਰਜਾ ਘਟਣ ਕਾਰਨ ਬਿਜਲੀ ਸਪਲਾਈ ਵਿੱਚ ਕਮੀ ਆਉਂਦੀ ਹੈ, ਜਿਸ ਕਰਕੇ ਸਨਅਤੀ ਖੇਤਰ ਵਿੱਚ ਕੱਟ ਲੱਗ ਰਹੇ ਹਨ। ਸੂਬੇ ਦੇ ਪੰਜ ਤਾਪਘਰ 5680 ਮੈਗਾਵਾਟ ਸਮਰੱਥਾ ਵਿੱਚੋਂ ਸਿਰਫ਼ 3250 ਤੋਂ 3500 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ।

