ਨਵੀਂ ਦਿੱਲੀ : ਆਈ ਆਈ ਟੀ ਮੰਡੀ ਨੇ ਆਪਣੇ ਕੈਂਪਸ ਵਿੱਚ ਭਗਵਦ ਗੀਤਾ ਦੇ ਵਿਸ਼ੇ ’ਤੇ ਆਧਾਰਿਤ ਵਿਵਾਦਤ ਪੋਸਟਰ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਵਿੱਚ ਲਿਖਿਆ ਗਿਆ ਸੀ ਕਿ ‘ਸ਼ੂਦਰਾਂ ਨੂੰ ਉੱਚੀਆਂ ਸ਼੍ਰੇਣੀਆਂ ਦੀ ਸੇਵਾ’ ਕਰਨੀ ਚਾਹੀਦੀ ਹੈ। ਡਾਇਰੈਕਟਰ ਲਕਸ਼ਮੀਧਰ ਬੇਹਰਾ ਨੇ ਇਸ ਨੂੰ ਵਿਦਿਆਰਥੀਆਂ ਵੱਲੋਂ ਧਾਰਮਿਕ ਗ੍ਰੰਥ ਦੀ ਵਿਆਖਿਆ ਦੱਸਿਆ ਹੈ ਅਤੇ ਸੰਸਥਾ ਨੂੰ ਇਸ ਦੀ ਸਮੱਗਰੀ ਤੋਂ ਅੱਡ ਕਰ ਲਿਆ ਹੈ। ਬੇਹਰਾ ਖੁਦ ਭਗਵਦ ਗੀਤਾ ਦੀਆਂ ਸਿੱਖਿਆਵਾਂ ਅਤੇ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਨਸ਼ੀਅਸਨੈੱਸ (ਇਸਕੌਨ) ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਉਹ ਆਈ ਆਈ ਟੀ ਮੰਡੀ ਵਿੱਚ ਥ੍ਰੀ-ਕ੍ਰੈਡਿਟ ਗੀਤਾ ਕੋਰਸ ਪੜ੍ਹਾਉਂਦੇ ਹਨ ਅਤੇ ਤਜਵੀਜ਼ਤ ਭਗਤੀਵੇਦਾਂਤ ਯੂਨੀਵਰਸਿਟੀ ਦੇ ਸੰਸਥਾਪਕ ਹਨ, ਜੋ ਆਪਣੇ ਆਪ ਨੂੰ ਇਸਕੌਨ ਦੀ ਪਹਿਲਕਦਮੀ ਦੱਸਦੀ ਹੈ।
ਬੇਹਰਾ ਨੇ ਅੱਜ ਦੱਸਿਆ, ‘‘ਕੁਝ ਵਿਦਿਆਰਥੀਆਂ ਨੇ ਗੀਤਾ ਦੀ ਕਿਸੇ ਤਰੀਕੇ ਨਾਲ ਵਿਆਖਿਆ ਕੀਤੀ ਹੈ। ਮੈਂ ਜਾਂਚ ਕਮੇਟੀ ਬਣਾਈ ਹੈ। ਇਹ ਵਿਦਿਆਰਥੀਆਂ ਵੱਲੋਂ ਕਰਵਾਇਆ ਗਿਆ ਇੱਕ ਪ੍ਰੋਗਰਾਮ ਸੀ।’’ ਉਨ੍ਹਾਂ ਦਾਅਵਾ ਕੀਤਾ ਕਿ ਉਹ ਅਤੇ ਸੰਸਥਾ ਜਾਤੀਗਤ ਵਿਤਕਰੇ ਦੇ ਖ਼ਿਲਾਫ਼ ਹਨ। ਅੱਜ ਆਈ ਆਈ ਟੀ ਮੰਡੀ ਕਮਿਊਨਿਟੀ ਨੂੰ ‘ਕੈਂਪਸ ਵਿੱਚ ਹਾਲ ਹੀ ’ਚ ਲਾਏ ਗਏ ਪੋਸਟਰ ਦੀ ਪੂਰੀ ਤਰ੍ਹਾਂ ਨਿਖੇਧੀ’ ਸਿਰਲੇਖ ਹੇਠ ਭੇਜੀ ਗਈ ਈਮੇਲ ਵਿੱਚ ਬੇਹਰਾ ਨੇ ਕਿਹਾ ਕਿ ਉਹ 4 ਸਤੰਬਰ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੌਰਾਨ ਲਾਏ ਗਏ ਪੋਸਟਰ ਬਾਰੇ ਜਾਣ ਕੇ ਹੈਰਾਨ ਸਨ ਅਤੇ ਉਨ੍ਹਾਂ ਜ਼ੋਰ ਦਿੱਤਾ ਕਿ ਸੰਸਥਾ ਵੱਲੋਂ ਕਿਸੇ ਵੀ ਤਰੀਕੇ ਨਾਲ ਇਸ ਦਾ ਸਮਰਥਨ ਨਹੀਂ ਕੀਤਾ ਗਿਆ। ਬੇਹਰਾ ਨੇ ਕਿਹਾ ਕਿ ਸੰਸਥਾ ਸੰਵਿਧਾਨ ਵਿੱਚ ਦਰਜ ਬਰਾਬਰੀ, ਸਮਾਜਿਕ ਨਿਆਂ, ਵਿਗਿਆਨਕ ਦ੍ਰਿਸ਼ਟੀਕੋਣ ਦੇ ਮੁੱਲਾਂ ਅਤੇ ਹੋਰ ਸਿਧਾਂਤਾਂ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ।

