ਇਸਲਾਮਬਾਦ : ਪਾਕਿਸਤਾਨ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਇੱਕ ਮਸਜਿਦ ਨੂੰ ਢਾਹੇ ਜਾਣ ਦੀ ਨਿਖ਼ੇਧੀ ਕਰਦਿਆਂ ਇਸ ਨੂੰ “ਨਿੰਦਣਯੋਗ ਕਾਰਵਾਈ” ਕਰਾਰ ਦਿੱਤਾ। ਸਹਾਰਨਪੁਰ ਵਿੱਚ ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਜ਼ਿਲ੍ਹਾ ਮੈਜਿਸਟਰੇਟ ਦੇ ਦਫ਼ਤਰ ਕੰਪਲੈਕਸ ਦੇ ਅੰਦਰ ਬਣੀ ਇੱਕ ਮਸਜਿਦ ਨੂੰ ਢਾਹ ਦਿੱਤਾ। ਅਦਾਲਤ ਨੇ ਪ੍ਰਸ਼ਾਸਨ ਦੇ ਇਸ ਦਾਅਵੇ ਨੂੰ ਬਰਕਰਾਰ ਰੱਖਿਆ ਸੀ ਕਿ ਇਹ ਢਾਂਚਾ ਸਰਕਾਰੀ ਜ਼ਮੀਨ ‘ਤੇ ਅਣਅਧਿਕਾਰਤ ਕਬਜ਼ਾ ਸੀ। ਭਾਰਤ ਵਿੱਚ ਵਿਰੋਧੀ ਆਗੂਆਂ ਅਤੇ ਮੁਸਲਿਮ ਸੰਗਠਨਾਂ ਦੁਆਰਾ ਇਸ ਕਾਰਵਾਈ ਦੀ ਆਲੋਚਨਾ ਕੀਤੀ ਗਈ। ਉਨ੍ਹਾਂ ਨੇ ਕਾਰਵਾਈ ਦੇ ਤਰੀਕੇ ਅਤੇ ਸਮੇਂ ‘ਤੇ ਸਵਾਲ ਉਠਾਏ, ਜਦੋਂ ਕਿ ਪ੍ਰਸ਼ਾਸਨ ਨੇ ਕਿਹਾ ਕਿ ਇਹ ਅਦਾਲਤ ਦੇ ਹੁਕਮਾਂ ਤੋਂ ਬਾਅਦ ਕੀਤਾ ਗਿਆ ਸੀ।
ਉੱਥੇ ਹੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇੱਕ ਇਤਿਹਾਸਕ ਇਸਲਾਮੀ ਇਬਾਦਤਗਾਹ ਨੂੰ ਢਾਹੁਣ ਦੀ ਇਹ ਨਿੰਦਣਯੋਗ ਕਾਰਵਾਈ ਉਸ ਵੱਡੀ ਮੁਹਿੰਮ ਦਾ ਹੀ ਇੱਕ ਹਿੱਸਾ ਹੈ, ਜਿਸ ਰਾਹੀਂ ਇਸਲਾਮੀ ਵਿਰਸੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪਾਕਿਸਤਾਨ ਨੇ ਕੌਮਾਂਤਰੀ ਭਾਈਚਾਰੇ ਨੂੰ ਵੀ ਇਸ ਘਟਨਾ ਦਾ ਨੋਟਿਸ ਲੈਣ ਦੀ ਅਪੀਲ ਕੀਤੀ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀ ਅਧਿਕਾਰੀਆਂ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਸਹਾਰਨਪੁਰ ਮਸਜਿਦ ਦੇ ਆਲੇ ਦੁਆਲੇ ਵਿਵਾਦ ਸਰਕਾਰੀ ਜ਼ਮੀਨ ‘ਤੇ ਢਾਂਚੇ ਦੇ ਸਥਾਨ ਨੂੰ ਲੈ ਕੇ ਸੀ। ਜੁਲਾਈ ਵਿੱਚ, ਸਿਟੀ ਮੈਜਿਸਟ੍ਰੇਟ ਦੀ ਅਦਾਲਤ ਨੇ ਇਹ ਫੈਸਲਾ ਸੁਣਾਇਆ ਕਿ ਇਹ ਸਰਕਾਰੀ ਜਾਇਦਾਦ ‘ਤੇ ਅਣਅਧਿਕਾਰਤ ਕਬਜ਼ਾ ਹੈ ਅਤੇ ਇਸ ਨੂੰ ਢਾਹੁਣ ਦਾ ਹੁਕਮ ਦਿੱਤਾ। ਮਸਜਿਦ ਪ੍ਰਬੰਧਨ ਨੇ ਹੁਕਮ ਨੂੰ ਚੁਣੌਤੀ ਦਿੱਤੀ, ਪਰ ਜ਼ਿਲ੍ਹਾ ਜੱਜ ਦੀ ਅਦਾਲਤ ਨੇ ਬਾਅਦ ਵਿੱਚ ਉਨ੍ਹਾਂ ਦੀ ਅਪੀਲ ਨੂੰ ਖਾਰਜ ਕਰ ਦਿੱਤਾ।

