NEET: ਫੀਸ ਅੱਗੇ ਢਹਿ ਢੇਰੀ ਹੋਏ ਸੁਪਨੇ

NEET: ਫੀਸ ਅੱਗੇ ਢਹਿ ਢੇਰੀ ਹੋਏ ਸੁਪਨੇ

ਚੰਡੀਗਡ਼੍ਹ : ਮਲੋਟ ਦੇ ਪਿੰਡ ਆਲਮਵਾਲਾ ਦਾ ਮਹਿਕਦੀਪ ਸਿੰਘ ਮੈਡੀਕਲ ਕੋਰਸਾਂ ਲਈ ਕੌਮੀ ਯੋਗਤਾ ਅਤੇ ਦਾਖਲਾ ਪ੍ਰੀਖਿਆ (ਨੀਟ) ਵਿੱਚ ਤਾਂ ਸਫਲ ਹੋ ਗਿਆ ਹੈ ਪਰ ਹੁਣ ਗੁਰਬਤ ਨੇ ਰਾਹ ਡੱਕ ਲਏ ਹਨ। ਗਿਆਨ ਸਾਗਰ ਮੈਡੀਕਲ ਕਾਲਜ ਵਿੱਚ ਸੀਟ ਅਲਾਟ ਹੋਈ ਤਾਂ ਮਾਪਿਆਂ ਤੋਂ ਚਾਅ ਨਾ ਚੁੱਕਿਆ ਗਿਆ। ਜਦੋਂ ਢਾਈ ਲੱਖ ਦੀ ਫੀਸ ਦਾ ਫ਼ਰਮਾਨ ਆਇਆ ਤਾਂ ਚਾਵਾਂ ਨੂੰ ਵੀ ਦੰਦਲ ਪੈ ਗਈ। ਹੁਣ ਮਹਿਕਦੀਪ ਐਨੀ ਵੱਡੀ ਫੀਸ ਕਿਵੇਂ ਤਾਰੇ, ਕਿਉਂਕਿ ਗਰੀਬ ਮਾਪਿਆਂ ਦੀ ਜੇਬ ਤਾਂ ਖਾਲੀ ਹੈ। ਹੋਣਹਾਰ ਮਹਿਕਦੀਪ ਬਠਿੰਡਾ ਦੇ ਮੈਰੀਟੋਰੀਅਸ ਸਕੂਲ ’ਚ ਪੜ੍ਹਿਆ, ਬਾਰ੍ਹਵੀਂ ’ਚੋਂ 95.2 ਫ਼ੀਸਦੀ ਅਤੇ ਦਸਵੀਂ ’ਚੋਂ 90 ਫ਼ੀਸਦੀ ਅੰਕ ਹਾਸਲ ਕੀਤੇ।

ਪਰਿਵਾਰ ਦੱਸਦਾ ਹੈ ਕਿ ਜਦੋਂ ਮਹਿਕਦੀਪ ਨੇ ਨੀਟ ਦੀ ਪ੍ਰੀਖਿਆ ਦੀ ਕੋਚਿੰਗ ਲਈ ਤਾਂ ਉਸ ਵੇਲੇ ਮਾਂ ਪਰਵਿੰਦਰ ਕੌਰ ਨੂੰ ਆਪਣੇ ਕੰਨਾਂ ਦੇ ਕਾਂਟੇ ਅਤੇ ਪਿਓ ਕੁਲਵਿੰਦਰ ਸਿੰਘ ਨੂੰ ਮੁੰਦਰੀ ਵੇਚਣੀ ਪਈ। ਮਾਂ-ਪਿਓ ਦੇ ਵਿਆਹ ਦੀ ਇਹੋ ਆਖਰੀ ਨਿਸ਼ਾਨੀ ਸੀ। ਪਿਤਾ ਕੁਲਵਿੰਦਰ ਸਿੰਘ ਕਿਸੇ ਤੇਲ ਪੰਪ ’ਤੇ ਕੰਮ ਕਰਦਾ ਹੈ। ਹੁਣ ਮੈਡੀਕਲ ਕਾਲਜ ਦੀ ਫੀਸ 2.43 ਲੱਖ ਤਾਰਨ ਲਈ 50 ਹਜ਼ਾਰ ਰੁਪਏ ’ਚ ਗਾਂ ਵੇਚ ਦਿੱਤੀ। ਮਹਿਕਦੀਪ ਆਖਦਾ ਹੈ ਕਿ ਫੀਸ ਦਾ ਪ੍ਰਬੰਧ ਨਾ ਹੋਇਆ ਤਾਂ ਕੋਈ ਹੋਰ ਰਾਹ ਦੇਖਾਂਗਾ। ਮਹਿਕਦੀਪ ਦੇ ਘਰ ਦੀ ਦੇਹਲੀ ’ਤੇ ਹੋਣਹਾਰਤਾ ਨੂੰ ਕਾਂਬਾ ਛਿੜਿਆ ਹੋਇਆ ਹੈ। ਮਲੋਟ ਸ਼ਹਿਰ ਦਾ ਅਮਨ ਨੀਟ ਪ੍ਰੀਖਿਆ ’ਚ ਸਫਲ ਹੋਇਆ ਤਾਂ ਵਰ੍ਹਿਆਂ ਮਗਰੋਂ ਖੁਸ਼ੀ ਨੇ ਉਸ ਦੇ ਘਰ ਪੈਲ ਪਾਈ। ਅਮਨ ਨੇ ਬਾਰ੍ਹਵੀਂ ’ਚੋਂ 96.2 ਫ਼ੀਸਦੀ ਅਤੇ ਦਸਵੀਂ ’ਚੋਂ 89.5 ਫ਼ੀਸਦੀ ਅੰਕ ਲਏ। ਉਸ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ’ਚ ਸੀਟ ਅਲਾਟ ਹੋਈ ਹੈ ਪਰ 1.10 ਲੱਖ ਰੁਪਏ ਦਾਖਲਾ ਫੀਸ ਕਿੱਥੋਂ ਭਰੇ, ਮਾਪਿਆਂ ਦੀ ਵੀ ਨੀਂਦ ਉੱਡੀ ਹੋਈ ਹੈ। ਪਿਤਾ ਰਾਜਵਿੰਦਰ ਸਿੰਘ ਲੋਹੇ ਦੀ ਫੈਕਟਰੀ ’ਚ ਦਿਹਾੜੀ ਕਰਦਾ ਹੈ। ਫੈਕਟਰੀ ਮਾਲਕ ਤੋਂ ਲਿਆ ਕਰਜ਼ਾ ਪਿਓ ਉਤਾਰ ਰਿਹਾ ਹੈ।

ਮਾਂ ਜਸਵੀਰ ਕੌਰ ਕੋਲ ਸਿਵਾਏ ਅਰਦਾਸ ਤੋਂ ਹੁਣ ਕੁੱਝ ਨਹੀਂ। ਅਮਨ ਨੇ ਖੁਦ ਵੀ ਛੁੱਟੀਆਂ ਦੇ ਦਿਨਾਂ ਵਿੱਚ ਦਿਹਾੜੀਆਂ ਕੀਤੀਆਂ। 10-10 ਘੰਟੇ ਪੜ੍ਹਨ ਵਾਲੇ ਬੱਚੇ ਅਮਨ ਨੂੰ ਹੁਣ ਘਰ ਦੀ ਗਰੀਬੀ ਨੇ ਪੜ੍ਹਨੇ ਪਾ ਦਿੱਤਾ ਹੈ। ਪਰਿਵਾਰ ਕਰਜ਼ੇ ਲਈ ਹੱਥ ਪੈਰ ਮਾਰ ਰਿਹਾ ਹੈ। ਅਮਨ ਨੇ ਖਾਮੋਸ਼ ਰਾਤਾਂ ਵਿੱਚ ਜਾਗ-ਜਾਗ ਕੇ ਤਿਆਰੀ ਕੀਤੀ। ਆਸਾਂ ਦਾ ਸੂਰਜ ਤਾਂ ਚੜ੍ਹਿਆ ਪਰ ਗੁਰਬਤ ਦੇ ਕਾਲੇ ਬੱਦਲਾਂ ਨੇ ਢਕ ਲਿਆ। ਫਾਜ਼ਿਲਕਾ ਦੇ ਪਿੰਡ ਹੌਜ ਗੰਧੜ ਦੀ ਸੁਮਨਦੀਪ ਕੌਰ ਨੇ ਕਲਮ ਦੀ ਧਾਰ ਨਾਲ ਨੀਟ ਪ੍ਰੀਖਿਆ ਦੀ ਜੰਗ ਜਿੱਤ ਲਈ। ਫ਼ਰੀਦਕੋਟ ਦੇ ਮੈਡੀਕਲ ਕਾਲਜ ’ਚ ਉਸ ਦੀ ਸੀਟ ਵੀ ਪੱਕੀ ਹੋ ਗਈ ਹੈ। 1.10 ਲੱਖ ਰੁਪਏ ਫੀਸ ਤੋਂ ਇਲਾਵਾ 50 ਹਜ਼ਾਰ ਰੁਪਏ ਹੋਸਟਲ ਫੀਸ ਦਾ ਖਰਚਾ, ਪੂਰੇ ਪਰਿਵਾਰ ਦੇ ਸੁਪਨਿਆਂ ਦੀ ਬਲੀ ਲੈਣ ਵਾਂਗ ਹੈ। ਇਹ ਲੜਕੀ ਵੀ ਬਠਿੰਡਾ ਦੇ ਮੈਰੀਟੋਰੀਅਸ ਸਕੂਲ ’ਚ ਪੜ੍ਹੀ ਹੈ ਜਿੱਥੋਂ ਉਸ ਨੇ ਬਾਰ੍ਹਵੀਂ ’ਚੋਂ 92 ਫ਼ੀਸਦੀ ਅਤੇ ਦਸਵੀਂ ’ਚੋਂ 90 ਫ਼ੀਸਦੀ ਅੰਕ ਹਾਸਲ ਕੀਤੇ। ਮੈਡੀਕਲ ਕਾਲਜ ਦੀ ਫੀਸ ਭਰਨ ਦੀ ਆਖਰੀ ਤਰੀਕ 5 ਸਤੰਬਰ ਹੈ। ਉਹ ਆਖਦੀ ਹੈ ਜਿਉਂ-ਜਿਉਂ ਤਰੀਕ ਨੇੜੇ ਆ ਰਹੀ ਹੈ, ਮਾਪਿਆਂ ਨੂੰ ਸਫਲਤਾ ਦਾ ਚਿਰਾਗ ਬੁਝਦਾ ਨਜ਼ਰ ਆਉਣ ਲੱਗਿਆ ਹੈ। ਸੁਪਨਦੀਪ ਕੌਰ ਦੇ ਮਾਪੇ ਕਰਜ਼ਾ ਚੁੱਕਣ ਲਈ ਹੱਥ-ਪੈਰ ਮਾਰ ਰਹੇ ਹਨ।

ਮੋਗਾ ਦੇ ਪਿੰਡ ਜੋਗੇਵਾਲਾ ਦੀ ਅਨਮੋਲਪ੍ਰੀਤ ਕੌਰ ਚਾਰ ਭੈਣ-ਭਰਾਵਾਂ ’ਚੋਂ ਸਭ ਤੋਂ ਵੱਡੀ ਹੈ। ਪਿਤਾ ਜਗਜੀਤ ਸਿੰਘ ਸਧਾਰਨ ਕਿਸਾਨ ਹੈ ਅਤੇ ਦੋ ਏਕੜ ਜ਼ਮੀਨ ਪਰਿਵਾਰ ਦੇ ਗੁਜ਼ਾਰੇ ਲਈ ਕਾਫੀ ਨਹੀਂ। ਅਨਮੋਲਪ੍ਰੀਤ ਨੇ ਦਸਵੀਂ ’ਚੋਂ 82 ਅਤੇ ਮੈਰੀਟੋਰੀਅਸ ਸਕੂਲ ਫਿਰੋਜ਼ਪੁਰ ’ਚ ਕੀਤੀ ਬਾਰ੍ਹਵੀਂ ਜਮਾਤ ’ਚੋਂ 96 ਫ਼ੀਸਦੀ ਅੰਕ ਹਾਸਲ ਕੀਤੇ। ਨੀਟ ਵਰਗੀ ਔਖੀ ਦਾਖਲਾ ਪ੍ਰੀਖਿਆ ਪਾਸ ਕਰ ਕੇ ਏਮਸ ਬਠਿੰਡਾ ’ਚ ਸੀਟ ਪੱਕੀ ਕੀਤੀ। ਇੱਕ ਬਾਂਹ ਤੋਂ ਅੰਗਹੀਣ ਅਨਮੋਲਪ੍ਰੀਤ ਹੁਣ ਵਜ਼ੀਫੇ ਦਾ ਰਾਹ ਤੱਕ ਰਹੀ ਹੈ।

ਜਲਾਲਾਬਾਦ ਦੇ ਪਿੰਡ ਕੰਨਾਨਾ ਵਾਲੇ ਝੁਗੇ ਦੇ ਹੋਣਹਾਰ ਵਿਦਿਆਰਥੀ ਪ੍ਰਿੰਸ ਦੀ ਜਲੰਧਰ ਦੇ ਪਿਮਸ ’ਚ ਸੀਟ ਪੱਕੀ ਹੋਈ ਹੈ ਪਰ 4.70 ਲੱਖ ਦੀ ਫੀਸ ਉਸ ਦੇ ਮਜ਼ਦੂਰ ਪਿਓ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ। ਜਦੋਂ ਪ੍ਰਿੰਸ ਨੇ ਨੀਟ ਪ੍ਰੀਖਿਆ ਪਾਸ ਕੀਤੀ ਤਾਂ ਮਾਪਿਆਂ ਦੀਆਂ ਅੱਖਾਂ ’ਚ ਆਸ ਦੀ ਕਿਰਨ ਜਾਗੀ ਪਰ ਭਾਰੀ ਦਾਖਲਾ ਫੀਸ ਦੀ ਜ਼ੰਜੀਰ ਨੇ ਘਰ ਦੀਆਂ ਖੁਸ਼ੀਆਂ ਨੂੰ ਜਕੜ ਲਿਆ। ਪ੍ਰਿੰਸ ਹੁਣ ਕਿਸੇ ਸਰਕਾਰੀ ਮੈਡੀਕਲ ਕਾਲਜ ’ਚ ਦਾਖਲੇ ਦਾ ਬਦਲ ਦੇਖ ਰਿਹਾ ਹੈ।

ਬੱਚਿਆਂ ਨੂੰ ਤਰਾਸ਼ਣ ਵਾਲੇ ਅਧਿਆਪਕ ਹੱਕ ਮੰਗਦੇ ਖੁਦ ਹਾਰੇ

ਮੈਰੀਟੋਰੀਅਸ ਸਕੂਲਾਂ ਦੇ ਕਰੀਬ 300 ਅਧਿਆਪਕ ਇਨ੍ਹਾਂ ਬੱਚਿਆਂ ਨੂੰ ਤਾਂ ਤਰਾਸ਼ ਰਹੇ ਹਨ ਪਰ ਉਹ ਖੁਦ ਵੀ ਪੰਜਾਬ ਸਰਕਾਰ ਤੋਂ ਹੱਕ ਮੰਗਦੇ-ਮੰਗਦੇ ਹਾਰ ਚੁੱਕੇ ਹਨ। ਨੀਟ ਪ੍ਰੀਖਿਆ ’ਚ 168 ਦੇ ਕਰੀਬ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ਦੇ ਸਫਲ ਹੋਏ ਹਨ। ਅਧਿਆਪਕ ਮਨਜੀਤ ਸਿੰਘ ਆਖਦਾ ਹੈ ਕਿ ਜਿਨ੍ਹਾਂ ਬੱਚਿਆਂ ਨੂੰ ਉਨ੍ਹਾਂ ਨੇ ਮੁਕਾਬਲਾ ਪ੍ਰੀਖਿਆ ਲਈ ਜ਼ਮੀਨ ਮੁਹੱਈਆ ਕਰਵਾਈ, ਉਨ੍ਹਾਂ ਨੂੰ ਫੀਸ ਮੁਹੱਈਆ ਕਰਾਉਣ ਵਾਸਤੇ ਉਹ ਆਪਣੇ ਪੱਧਰ ’ਤੇ ਯਤਨ ਵੀ ਕਰ ਰਹੇ ਹਨ। ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੇ 800 ਵਿਦਿਆਰਥੀਆਂ ਦੀ ਨੀਟ ਪ੍ਰੀਖਿਆ ’ਚ ਸਫਲਤਾ ਦੇ ਸੋਹਲੇ ਤਾਂ ਜਨਤਕ ਤੌਰ ’ਤੇ ਗਾ ਰਹੀ ਹੈ ਪਰ ਔਖ ਦੀ ਇਸ ਘੜੀ ’ਚ ਮਦਦ ਲਈ ਕਿਧਰੇ ਅੱਗੇ ਨਹੀਂ ਆ ਰਹੀ ਹੈ।

Share: