ਨਾਗੋਆ : ਭਾਰਤੀ ਨਿਸ਼ਾਨੇਬਾਜ਼ ਨੀਰੂ ਢਾਂਡਾ ਨੇ ਅੱਜ ਏਸ਼ਿਆਈ ਖੇਡਾਂ ਵਿੱਚ ਮਹਿਲਾ ਟਰੈਪ ਦਾ ਵਿਅਕਤੀਗਤ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਉਹ ਇਹ ਪ੍ਰਾਪਤੀ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਇਸ ਦੇ ਨਾਲ ਹੀ ਉਸ ਨੇ ਆਸ਼ਿਮਾ ਅਹਿਲਾਵਤ ਅਤੇ ਮਨੀਸ਼ਾ ਕੀਰ ਨਾਲ ਮਿਲ ਕੇ ਟੀਮ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ ਵੀ ਭਾਰਤ ਦੀ ਝੋਲੀ ਪਾਇਆ। ਹਰਿਆਣਾ ਦੇ ਜੀਂਦ ਦੀ ਰਹਿਣ ਵਾਲੀ 26 ਸਾਲਾ ਨੀਰੂ ਭਾਰਤੀ ਫ਼ੌਜ ਵਿੱਚ ਨਾਇਬ ਸੂਬੇਦਾਰ ਹੈ। ਉਸ ਨੇ ਭਾਰੀ ਮੀਂਹ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 30 ’ਚੋਂ 28 ਸਟੀਕ ਨਿਸ਼ਾਨੇ ਲਾਏ। ਨੀਰੂ ਦੀ ਇਸ ਜਿੱਤ ਨਾਲ ਭਾਰਤ ਦਾ ਟਰੈਪ ਸ਼ੂਟਿੰਗ ਵਿੱਚ 48 ਸਾਲਾਂ ਦਾ ਸੋਕਾ ਵੀ ਖ਼ਤਮ ਹੋ ਗਿਆ। ਇਸ ਤੋਂ ਪਹਿਲਾਂ 1978 ਦੀਆਂ ਬੈਂਕਾਕ ਖੇਡਾਂ ਵਿੱਚ ਰਣਧੀਰ ਸਿੰਘ ਨੇ ਪੁਰਸ਼ਾਂ ਦੇ ਟਰੈਪ ਮੁਕਾਬਲੇ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਸੀ। ਨੀਰੂ ਦੀ ਇਹ ਪ੍ਰਾਪਤੀ ਇਸ ਲਈ ਵੀ ਖ਼ਾਸ ਹੈ ਕਿਉਂਕਿ ਮੁਕਾਬਲੇ ਤੋਂ ਮਹਿਜ਼ 10 ਦਿਨ ਪਹਿਲਾਂ ਉਹ ਕਿਸੇ ਬਿਮਾਰੀ ਕਾਰਨ ਹਸਪਤਾਲ ਦਾਖਲ ਸੀ ਅਤੇ ਪੰਜ ਦਿਨ ਕੁਝ ਵੀ ਨਹੀਂ ਖਾ ਸਕੀ ਸੀ। ਉਸ ਦੇ ਕੋਚ ਮਾਨਸ਼ੇਰ ਸਿੰਘ ਨੇ ਉਸ ਦਾ ਹੌਸਲਾ ਵਧਾਇਆ, ਜਿਸ ਸਦਕਾ ਉਹ ਇਹ ਸ਼ਾਨਦਾਰ ਵਾਪਸੀ ਕਰ ਸਕੀ। ਅੱਜ ਕੁਆਲੀਫਿਕੇਸ਼ਨ ਗੇੜ ’ਚ ਵੀ ਉਹ 118 ਅੰਕਾਂ ਨਾਲ ਸਿਖਰ ਉੱਤੇ ਰਹੀ ਸੀ। ਇਸੇ ਦੇ ਆਧਾਰ ’ਤੇ ਟੀਮ ਮੁਕਾਬਲੇ ਦਾ ਨਤੀਜਾ ਵੀ ਐਲਾਨਿਆ ਗਿਆ, ਜਿਸ ਵਿੱਚ ਨੀਰੂ (118), ਆਸ਼ਿਮਾ (106) ਅਤੇ ਮਨੀਸ਼ਾ (104) ਨੇ ਕੁੱਲ 328 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ।
Trap Shooting: ਨੀਰੂ ਢਾਂਡਾ ਨੇ Gold Medal ਜਿੱਤ ਕੇ 48 ਸਾਲਾਂ ਦਾ ਸੋਕਾ ਖ਼ਤਮ ਕੀਤਾ

