ਚੰਡੀਗੜ੍ਹ : ਏਸ਼ੀਆਈ ਖੇਡਾਂ ਦੇ ਮਹਿਲਾ ਕੰਪਾਊਂਡ ਟੀਮ ਤੀਰਅੰਦਾਜ਼ੀ ਮੁਕਾਬਲੇ ਵਿੱਚ ਭਾਰਤੀ ਮਹਿਲਾ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਕ ਵਾਰ ਫਿਰ ਸੋਨੇ ਦੇ ਤਗ਼ਮੇ ’ਤੇ ਕਬਜ਼ਾ ਜਮਾਇਆ ਹੈ। ਓਕਾਜ਼ਾਕੀ ਚੂਓ ਸੋਗੋ ਪਾਰਕ ਮਲਟੀਪਰਪਜ਼ ਸਕੇਅਰ ਵਿਖੇ ਖੇਡੇ ਗਏ ਫਾਈਨਲ ਮੁਕਾਬਲੇ ਵਿੱਚ ਚਿਕਿਥਾ ਤਾਨੀਪਾਰਥੀ(Chikitha Taniparthi,), ਪ੍ਰਿਥਿਕਾ ਪ੍ਰਦੀਪ ਅਤੇ ਜਯੋਤੀ ਸੁਰੇਖਾ ਵੇਨਮ(Jyothi Surekha Vennam ) ਦੀ ਭਾਰਤੀ ਤਿਕੜੀ ਨੇ ਚੀਨ ਨੂੰ 238-234 ਦੇ ਫਰਕ ਨਾਲ ਮਾਤ ਦੇ ਕੇ ਪੋਡੀਅਮ ’ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਖ਼ਿਤਾਬੀ ਜਿੱਤ ਬਰਕਰਾਰ ਰੱਖਣ ਦਾ ਮਾਣ ਪ੍ਰਾਪਤ ਕੀਤਾ ਹੈ।
ਭਾਰਤੀ ਤੀਰਅੰਦਾਜ਼ਾਂ ਨੇ ਇਸ ਮੁਕਾਬਲੇ ਦੌਰਾਨ 238 ਅੰਕਾਂ ਦਾ ਸਕੋਰ ਬਣਾ ਕੇ ਸਾਲ 2014 ਵਿੱਚ ਇੰਚੋਨ ਏਸ਼ੀਆਈ ਖੇਡਾਂ ਦੌਰਾਨ ਦੱਖਣੀ ਕੋਰੀਆ ਵੱਲੋਂ ਕਾਇਮ ਕੀਤੇ ਗਏ ਵਿਸ਼ਵ ਰਿਕਾਰਡ ਦੀ ਬਰਾਬਰੀ ਵੀ ਕੀਤੀ। ਇਸ ਤੋਂ ਪਹਿਲਾਂ ਹੋਏ ਵਿਸ਼ਵ ਕੱਪ ਸਟੇਜ-4 ਦੌਰਾਨ ਵੀ ਇਸੇ ਭਾਰਤੀ ਤਿਕੜੀ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਸੀ ਅਤੇ ਉਸ ਲੜੀ ਦੌਰਾਨ ਵੀ ਭਾਰਤ ਨੇ ਸੈਮੀਫਾਈਨਲ ਵਿੱਚ ਮਜ਼ਬੂਤ ਕੋਰੀਆਈ ਟੀਮ ਨੂੰ ਹਰਾ ਕੇ ਵੱਡਾ ਉਲਟਫੇਰ ਕੀਤਾ ਸੀ। ਜ਼ਿਕਰਯੋਗ ਹੈ ਕਿ ਏਸ਼ੀਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਨੇ ਇਸ ਈਵੈਂਟ ’ਚ 2014 ਵਿੱਚ ਕਾਂਸੀ ਅਤੇ 2018 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਇਸ ਇਤਿਹਾਸਕ ਜਿੱਤ ਵਿੱਚ ਭਾਰਤ ਦੀਆਂ ਤਿੰਨੋਂ ਖਿਡਾਰਨਾਂ ਦਾ ਅਹਿਮ ਯੋਗਦਾਨ ਰਿਹਾ। ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਦੀ ਰਹਿਣ ਵਾਲੀ 30 ਸਾਲਾ ਜਯੋਤੀ ਸੁਰੇਖਾ ਵੇਨਮ ਭਾਰਤ ਦੀ ਸਭ ਤੋਂ ਸਫਲ ਕੰਪਾਊਂਡ ਤੀਰਅੰਦਾਜ਼ ਹੈ, ਜੋ ਇਨ੍ਹਾਂ ਖੇਡਾਂ ਤੋਂ ਪਹਿਲਾਂ ਹੀ ਤਿੰਨ ਸੋਨੇ ਦੇ ਤਗ਼ਮਿਆਂ ਸਮੇਤ ਕੁੱਲ ਪੰਜ ਏਸ਼ੀਆਈ ਤਗ਼ਮੇ ਆਪਣੇ ਨਾਮ ਕਰ ਚੁੱਕੀ ਹੈ। ਉੱਥੇ ਹੀ ਤੇਲੰਗਾਨਾ ਦੇ ਪੈਦਾਪੱਲੀ ਦੀ 21 ਸਾਲਾ ਚਿਕਿਥਾ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੇ ਕੰਪਾਊਂਡ ਵਰਗ ਵਿੱਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚਿਆ ਸੀ। ਟੀਮ ਦੀ ਸਭ ਤੋਂ ਨੌਜਵਾਨ ਖਿਡਾਰਨ, 17 ਸਾਲਾ ਪ੍ਰਿਥਿਕਾ ਪ੍ਰਦੀਪ (ਜਿਸ ਦਾ ਜਨਮ ਨਾਗਰਕੋਇਲ, ਤਾਮਿਲਨਾਡੂ ’ਚ ਹੋਇਆ ਅਤੇ ਪਰਵਰਿਸ਼ ਪੁਣੇ ’ਚ ਹੋਈ) ਵੀ ਲਗਾਤਾਰ ਬਹਿਤਰੀਨ ਫਾਰਮ ਵਿੱਚ ਹੈ। ਪ੍ਰਿਥਿਕਾ ਨੇ 2024 ਏਸ਼ੀਅਨ ਕੈਡੇਟ ਚੈਂਪੀਅਨਸ਼ਿਪ ਵਿੱਚ ਸੋਨਾ, ਵਿਸ਼ਵ ਕੈਡੇਟ ਅਤੇ ਸੀਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਚਾਂਦੀ, ਅਤੇ ਮੈਡ੍ਰਿਡ ਵਿਸ਼ਵ ਕੱਪ ਸਟੇਜ-4 ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਭਾਰਤੀ ਤੀਰਅੰਦਾਜ਼ੀ ਦਾ ਭਵਿੱਖ ਰੌਸ਼ਨ ਕੀਤਾ ਹੈ।

