ਚੰਡੀਗੜ੍ਹ : ਬੁੱਧਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਹੋਣ ਜਾ ਰਹੀ ‘ਇੰਡੀਆ’ (INDIA) ਗਠਜੋੜ ਦੀ ਅਹਿਮ ਬੈਠਕ ਤੋਂ ਠੀਕ ਪਹਿਲਾਂ ਸੈਂਟਰਲ ਦਿੱਲੀ ਵਿੱਚ ਵਿਰੋਧੀ ਧਿਰ ਦੇ ਪ੍ਰਮੁੱਖ ਆਗੂਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਵਿਵਾਦਤ ਹੋਰਡਿੰਗਜ਼ (hordings) ਲਗਾਏ ਗਏ ਹਨ। ਇਨ੍ਹਾਂ ਹੋਰਡਿੰਗਾਂ ’ਤੇ ਵਿਰੋਧੀ ਧਿਰ ਦੇ ਏਕਤਾ ਅਤੇ ਉਨ੍ਹਾਂ ਦੇ ਆਗੂਆਂ ’ਤੇ ਤਨਜ਼ ਕੱਸਦੇ ਹੋਏ ਕਈ ਸੰਦੇਸ਼ ਲਿਖੇ ਗਏ ਹਨ। ਦੂਜੇ ਪਾਸੇ, ਵਿਰੋਧੀ ਧਿਰਾਂ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (SIR) ਪ੍ਰਕਿਰਿਆ ਅਤੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ਦੇ ਵਿਵਾਦਪੂਰਨ ਫ਼ੈਸਲਿਆਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਲਈ ਇਹ ਬੈਠਕ ਸੱਦੀ ਗਈ ਹੈ, ਜਿਸ ਵਿੱਚ ਵਿਰੋਧੀ ਧਿਰ ਆਪਣੀ ਭਵਿੱਖੀ ਰਣਨੀਤੀ ਤੈਅ ਕਰੇਗੀ।
ਜਾਣਕਾਰੀ ਮੁਤਾਬਕ ਇਸ ਹਾਈ-ਪ੍ਰੋਫਾਈਲ ਬੈਠਕ ਵਿੱਚ ਇੰਡੀਆ ਗਠਜੋੜ ਦੇ ਲਗਭਗ ਸਾਰੇ ਪ੍ਰਮੁੱਖ ਚਿਹਰਿਆਂ ਦੇ ਜੁੜਨ ਦੀ ਉਮੀਦ ਹੈ। ਕਾਂਗਰਸ ਵੱਲੋਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਮੌਜੂਦ ਰਹਿਣਗੇ। ਤ੍ਰਿਣਮੂਲ ਕਾਂਗਰਸ ਵੱਲੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਅਭਿਸ਼ੇਕ ਬੈਨਰਜੀ, ਆਰਜੇਡੀ ਤੋਂ ਤੇਜਸਵੀ ਯਾਦਵ, ਨੇਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਸ਼ਿਰਕਤ ਕਰਨਗੇ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ (JMM) ਅਤੇ ਸ਼ਿਵ ਸੈਨਾ (UBT) ਪ੍ਰਮੁੱਖ ਉੱਧਵ ਠਾਕਰੇ ਵੀਡੀਓ ਕਾਨਫਰੰਸਿੰਗ ਰਾਹੀਂ ਜੁੜਨਗੇ। ਇਨ੍ਹਾਂ ਤੋਂ ਇਲਾਵਾ ਐਨਸੀਪੀ (ਐਸਪੀ) ਆਗੂ ਸੁਪ੍ਰੀਆ ਸੁਲੇ, ਸੀਪੀਐਮ ਦੇ ਐਮਏ ਬੇਬੀ, ਸੀਪੀਆਈ ਦੇ ਡੀ. ਰਾਜਾ, ਸੀਪੀਆਈ (ਐਮਐਲ) ਦੇ ਦੀਪਾਂਕਰ ਭੱਟਾਚਾਰੀਆ, ਆਰਐਸਪੀ ਦੇ ਐਨ. ਕੇ. ਪ੍ਰੇਮਚੰਦਰਨ, ਆਈਯੂਐਮਐਲ ਦੇ ਸਾਦਿਕ ਥੰਗਲ, ਵੀਸੀਕੇ ਮੁਖੀ ਥਿਰੁਮਾਵਲਵਨ, ਐਮਡੀਐਮਕੇ ਆਗੂ ਡੀ. ਵਾਈਕੋ ਅਤੇ ਆਜ਼ਾਦ ਰਾਜ ਸਭਾ ਮੈਂਬਰ ਕਪਿਲ ਸਿੱਬਲ ਵੀ ਇਸ ਮਹੱਤਵਪੂਰਨ ਰਣਨੀਤਕ ਬੈਠਕ ਵਿੱਚ ਹਿੱਸਾ ਲੈਣਗੇ।

