Canada ’ਚ ਦੋ ਪੰਜਾਬੀਆਂ ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ੀਆਂ ਨੂੰ ਉਮਰ ਕੈਦ

Canada ’ਚ ਦੋ ਪੰਜਾਬੀਆਂ ਮਨਿੰਦਰ ਧਾਲੀਵਾਲ ਤੇ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ੀਆਂ ਨੂੰ ਉਮਰ ਕੈਦ

ਵੈਨਕੂਵਰ : ਚਾਰ ਸਾਲ ਪਹਿਲਾਂ ਵੈਨਕੂਵਰ ਤੋਂ 180 ਕਿਲੋਮੀਟਰ ਉੱਤਰ ਵਿੱਚ ਸਥਿਤ ਸੈਲਾਨੀ ਅਤੇ ਪਹਾੜੀ ਸ਼ਹਿਰ ਵਿਸਲਰ ਦੇ ਇੱਕ ਹੋਟਲ ਵਿੱਚ ਠਹਿਰੇ ਦੋ ਪੰਜਾਬੀਆਂ ਦੀ ਹੱਤਿਆ ਦੇ ਦੋਸ਼ਾਂ ਹੇਠ ਉਦੋਂ ਤੋਂ ਜੇਲ੍ਹ ਵਿੱਚ ਬੰਦ ਮੁਲਜ਼ਮਾਂ ਵਿੱਚੋਂ ਇੱਕ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਨਿਸ਼ਚਿਤ ਕੀਤੀ ਗਈ ਹੈ, ਜਦਕਿ ਦੂਜੇ ਨੂੰ ਇੱਕ ਦੋਸ਼ ਤੋਂ ਮੁਕਤ ਕੀਤਾ ਗਿਆ ਹੈ, ਪਰ ਦੂਜੇ ਵਿੱਚ ਉਮਰ ਕੈਦ ਦਾ ਫੈਸਲਾ ਕੀਤਾ ਗਿਆ ਹੈ। ਚਾਰ ਸਾਲ ਪੁਰਾਣੇ ਹੱਤਿਆ ਦੇ ਮਾਮਲੇ ਦੀ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵਿੱਚ ਇਸ ਮਹੀਨੇ ਦੇ ਸ਼ੁਰੂ ਤੋਂ ਬਕਾਇਦਾ ਸੁਣਵਾਈ ਕੀਤੀ ਜਾ ਰਹੀ ਸੀ।

ਜਸਟਿਸ ਗਰੋਪਰ ਦੀ ਅਗਵਾਈ ਹੇਠ ਹੋਈ ਸੁਣਵਾਈ ਦੌਰਾਨ ਲੰਘੇ ਦਿਨ ਅੰਤਮ ਫੈਸਲੇ ਦੀ ਰੂਪ-ਰੇਖਾ ਉਲੀਕੀ ਗਈ, ਜਿਸ ਦਾ ਲਿਖਤੀ ਤੌਰ ’ਤੇ ਰਸਮੀ ਐਲਾਨ ਅਗਲੇ ਦਿਨਾਂ ਵਿੱਚ ਕੀਤਾ ਜਾਵੇਗਾ। ਮਰਨ ਵਾਲਿਆਂ ਵਿੱਚੋਂ ਮਨਿੰਦਰ ਧਾਲੀਵਾਲ ਗੈਂਗਸਟਰ ਸੀ ਅਤੇ ਸਤਿੰਦਰ ਗਿੱਲ ਉਸ ਦਾ ਜਾਣੂ ਹੋਣ ਕਰਕੇ ਇਤਫ਼ਾਕਨ ਧਾਲੀਵਾਲ ਦੇ ਨਾਲ ਵਾਲੇ ਕਮਰੇ ਵਿੱਚ ਠਹਿਰਿਆ ਹੋਇਆ ਸੀ ਤੇ ਘਟਨਾ ਮੌਕੇ ਦੋਵੇਂ ਇਕੱਠੇ ਬੈਠੇ ਸਨ। 24 ਜੁਲਾਈ 2022 ਨੂੰ ਦੁਪਹਿਰੇ ‘ਸੀ ਟੂ ਸਕਾਈ’ ਪੁਲੀਸ ਨੂੰ ਵਿਸਲਰ ਦੇ ਇੱਕ ਹੋਟਲ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ। ਪੁਲੀਸ ਅਤੇ ਬਚਾਅ ਦਲ ਮੌਕੇ ’ਤੇ ਪਹੁੰਚੇ ਤਾਂ ਮਨਿੰਦਰ ਧਾਲੀਵਾਲ (28) ਅਤੇ ਸਤਿੰਦਰ ਗਿੱਲ (36) ਗੋਲੀਆਂ ਨਾਲ ਵਿੰਨੇ ਹੋਏ ਸਨ। ਦੋਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਸੀ ਅਤੇ ਦੂਜੇ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਜਾਂਚ ਦੌਰਾਨ ਪੁਲੀਸ ਨੇ ਗੁਰਸਿਮਰਨ ਸਹੋਤਾ ਅਤੇ ਤਨਵੀਰ ਖੱਖ ਨੂੰ ਹੱਤਿਆ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ। ਦੋਵੇਂ ਉਦੋਂ ਤੋਂ ਜੇਲ੍ਹ ਵਿੱਚ ਬੰਦ ਸਨ। ਬੀ.ਸੀ. ਸੁਪਰੀਮ ਕੋਰਟ ਦੇ ਜਸਟਿਸ ਗਰੋਪਰ ਦੀ ਅਗਵਾਈ ਹੇਠਲੀ ਨਿਆਂਇਕ ਟੀਮ (Jury) ਨੇ ਮਾਮਲੇ ਦੇ ਸਾਰੇ ਪੱਖਾਂ ਨੂੰ ਵਿਚਾਰਦੇ ਹੋਏ ਸਹੋਤਾ ਨੂੰ ਪਹਿਲੇ ਦਰਜੇ ਦੀ ਹੱਤਿਆ ਦੇ ਦੋ ਅਪਰਾਧਾਂ ਦਾ ਦੋਸ਼ੀ ਮੰਨਦਿਆਂ ਉਮਰ ਭਰ ਕੈਦ ਰੱਖਣ ਦਾ ਫੈਸਲਾ ਕੀਤਾ। ਉਸ ਨੂੰ 25 ਸਾਲ ਪੈਰੋਲ ਨਹੀਂ ਮਿਲੇਗੀ ਅਤੇ ਦੋਵੇਂ ਸਜ਼ਾਵਾਂ ਨਾਲੋ-ਨਾਲ ਚੱਲਣਗੀਆਂ।

ਤਨਵੀਰ ਖੱਖ ਨੂੰ ਧਾਲੀਵਾਲ ਦੀ ਹੱਤਿਆ ਸਬੰਧੀ ਦੂਜੇ ਦਰਜੇ ਦੇ ਅਪਰਾਧ ਦੇ ਦੋਸ਼ ਹੇਠ ਉਮਰ ਕੈਦ ਅਤੇ 20 ਸਾਲਾਂ ਬਾਅਦ ਪੈਰੋਲ ਮਿਲੇਗੀ, ਪਰ ਉਸ ਨੂੰ ਸਤਿੰਦਰ ਗਿੱਲ ਦੀ ਹੱਤਿਆ ਦੇ ਦੋਸ਼ ਤੋਂ ਬਰੀ ਕੀਤਾ ਗਿਆ ਹੈ। ਹੋਰ ਸ਼ਰਤਾਂ ਸਮੇਤ ਮਾਮਲੇ ਦਾ ਲਿਖਤੀ ਫੈਸਲਾ ਅਕਤੂਬਰ ਵਿੱਚ ਕਿਸੇ ਦਿਨ ਸੁਣਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਮਨਿੰਦਰ ਧਾਲੀਵਾਲ ਦਾ ਇੱਕ ਭਰਾ ਹਰਪ੍ਰੀਤ 2021 ਵਿੱਚ ਅਤੇ ਦੂਜਾ ਉਸ ਤੋਂ ਬਾਅਦ ਗੈਂਗ ਹਿੰਸਾ ਵਿੱਚ ਮਾਰੇ ਗਏ ਸਨ। ਸਤਿੰਦਰ ਗਿੱਲ ਕਾਰੋਬਾਰੀ ਵਿਅਕਤੀ ਸੀ ਅਤੇ ਇਤਫ਼ਾਕਨ ਉਸੇ ਹੋਟਲ ਵਿੱਚ ਠਹਿਰਿਆ ਹੋਣ ਕਰਕੇ ਮਨਿੰਦਰ ਨਾਲ ਜਾਣ-ਪਛਾਣ ਕਾਰਨ ਘਟਨਾ ਮੌਕੇ ਉਸ ਦੇ ਨਾਲ ਬੈਠਾ ਹੋਇਆ ਸੀ। ਹਤਿਆਰੇ ਸਹੋਤਾ ਵੱਲੋਂ ਚਸ਼ਮਦੀਦ ਗਵਾਹੀ ਦੇ ਡਰੋਂ ਉਸ ਨੂੰ ਵੀ ਮਾਰ ਦਿੱਤਾ ਗਿਆ ਸੀ।

Share: