ਬਠਿੰਡਾ : ਪੰਜਾਬ ਵਿੱਚ ਸੜਕ ਹਾਦਸਿਆਂ ਦੌਰਾਨ ਜ਼ਖ਼ਮੀਆਂ ਨੂੰ ਤੁਰੰਤ ਸਹਾਇਤਾ ਦੇਣ ਅਤੇ ਉਨ੍ਹਾਂ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਲਈ ਬਣਾਈ ਗਈ ਸੜਕ ਸੁਰੱਖਿਆ ਫ਼ੋਰਸ (ਐੱਸ.ਐੱਸ.ਐੱਫ.) ਕੋਲ ਆਪਣੀ ਸ਼ੁਰੂਆਤ ਤੋਂ 31 ਅਗਸਤ 2026 ਤੱਕ 58,619 ਸੜਕ ਹਾਦਸਿਆਂ ਦੇ ਕੇਸ ਪਹੁੰਚੇ ਹਨ। ਇਹ ਅੰਕੜਾ ਬਠਿੰਡਾ ਵਾਸੀ ਆਰ.ਟੀ.ਆਈ. ਕਾਰਕੁਨ ਸੰਜੀਵ ਗੋਇਲ ਵੱਲੋਂ ਮੰਗੀ ਗਈ ਜਾਣਕਾਰੀ ਦੇ ਜਵਾਬ ਵਿੱਚ ਸਾਹਮਣੇ ਆਇਆ ਹੈ। ਗੋਇਲ ਨੇ 4 ਸਤੰਬਰ 2026 ਨੂੰ ਡਾਇਰੈਕਟਰ ਜਨਰਲ ਆਫ਼ ਪੁਲੀਸ, ਪੰਜਾਬ ਦੇ ਦਫ਼ਤਰ ਕੋਲ ਆਨਲਾਈਨ ਆਰ.ਟੀ.ਆਈ. ਅਰਜ਼ੀ ਦਾਇਰ ਕਰਕੇ ਐੱਸ.ਐੱਸ.ਐੱਫ. ਕੋਲ ਆਏ ਸੜਕ ਹਾਦਸਿਆਂ ਦੇ ਕੇਸਾਂ ਸਬੰਧੀ ਜਾਣਕਾਰੀ ਮੰਗੀ ਸੀ।ਇਹ ਅਰਜ਼ੀ ਸੀਨੀਅਰ ਕਪਤਾਨ ਪੁਲੀਸ, ਸੜਕ ਸੁਰੱਖਿਆ ਫ਼ੋਰਸ, ਪੰਜਾਬ, ਚੰਡੀਗੜ੍ਹ ਦੇ ਦਫ਼ਤਰ ਨੂੰ ਭੇਜੀ ਗਈ। ਇਸ ਸਬੰਧੀ ਸਹਾਇਕ ਲੋਕ ਸੂਚਨਾ ਅਫ਼ਸਰ ਵੱਲੋਂ ਪੱਤਰ ਨੰਬਰ 7107, ਮਿਤੀ 22 ਸਤੰਬਰ 2026 ਰਾਹੀਂ ਜਵਾਬ ਦਿੱਤਾ ਗਿਆ।ਆਰ.ਟੀ.ਆਈ. ਦੇ ਜਵਾਬ ਅਨੁਸਾਰ 1 ਫਰਵਰੀ ਤੋਂ 31 ਦਸੰਬਰ 2024 ਤੱਕ ਐੱਸ.ਐੱਸ.ਐੱਫ. ਕੋਲ 19,379 ਹਾਦਸਿਆਂ ਦੇ ਕੇਸ ਆਏ। ਸਾਲ 2025 ਦੌਰਾਨ ਇਹ ਗਿਣਤੀ 22,570 ਰਹੀ, ਜਦੋਂਕਿ 1 ਜਨਵਰੀ ਤੋਂ 31 ਅਗਸਤ 2026 ਤੱਕ 16,670 ਕੇਸ ਦਰਜ ਹੋਏ। ਇਨ੍ਹਾਂ ਤਿੰਨਾਂ ਮਿਆਦਾਂ ਦੇ ਅੰਕੜਿਆਂ ਦਾ ਕੁੱਲ ਜੋੜ 58,619 ਬਣਦਾ ਹੈ।ਇਸ ਹਿਸਾਬ ਨਾਲ 31 ਮਹੀਨਿਆਂ ਦੌਰਾਨ ਐੱਸ.ਐੱਸ.ਐੱਫ. ਕੋਲ ਹਰ ਮਹੀਨੇ ਔਸਤਨ ਲਗਭਗ 1,891 ਹਾਦਸਿਆਂ ਦੇ ਕੇਸ ਪਹੁੰਚੇ। ਸਾਲਾਨਾ ਔਸਤ ਲਗਭਗ 23,448 ਕੇਸ ਬਣਦੀ ਹੈ।ਗੌਰਤਲਬ ਹੈ ਕਿ ਉਨ੍ਹਾਂ ਵੱਲੋਂ ਗੱਡੀਆਂ ਦੀ ਮੁਰੰਮਤ ਦੇ ਖ਼ਰਚ ਬਾਰੇ ਵੀ ਪੁੱਛਿਆ ਗਿਆ ਸੀ। ਸੜਕ ਸੁਰੱਖਿਆ ਫ਼ੋਰਸ ਦੀ ਸ਼ੁਰੂਆਤ 1 ਫਰਵਰੀ 2024 ਨੂੰ ਕੀਤੀ ਗਈ ਸੀ। ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਐੱਸ.ਐੱਸ.ਐੱਫ. ਦੀਆਂ ਗੱਡੀਆਂ ਅਤੇ ਮੁਲਾਜ਼ਮ ਤਾਇਨਾਤ ਹਨ। ਸੜਕ ਹਾਦਸੇ ਜਾਂ ਕਿਸੇ ਹੋਰ ਐਮਰਜੈਂਸੀ ਦੀ ਸਥਿਤੀ ਵਿੱਚ ਲੋਕ 112 ਨੰਬਰ ’ਤੇ ਸੰਪਰਕ ਕਰਕੇ ਐੱਸ.ਐੱਸ.ਐੱਫ. ਦੀ ਸਹਾਇਤਾ ਲੈ ਸਕਦੇ ਹਨ।
Posted inBathinda
31 ਮਹੀਨਿਆਂ ’ਚ SSF ਕੋਲ ਪਹੁੰਚੇ ਸੜਕ ਹਾਦਸਿਆਂ ਦੇ 58,619 ਕੇਸ; ਹਰ ਮਹੀਨੇ ਔਸਤਨ 1,891 ਘਟਨਾਵਾਂ

