ਧੋਖਾਧੜੀ ਮਾਮਲੇ ’ਚ ਗ੍ਰਿਫ਼ਤਾਰ Kal Dosanjh ਪੁਲੀਸ ਨੌਕਰੀ ਤੋਂ ਮੁਅੱਤਲ, 30 ਲੱਖ ਡਾਲਰ ਦੇ ਘਪਲੇ ਦਾ ਦੋਸ਼

ਧੋਖਾਧੜੀ ਮਾਮਲੇ ’ਚ ਗ੍ਰਿਫ਼ਤਾਰ Kal Dosanjh ਪੁਲੀਸ ਨੌਕਰੀ ਤੋਂ ਮੁਅੱਤਲ, 30 ਲੱਖ ਡਾਲਰ ਦੇ ਘਪਲੇ ਦਾ ਦੋਸ਼

ਵੈਨਕੂਵਰ : ਬੀਤੇ ਦਿਨ ਵੈਨਕੂਵਰ ਪੁਲੀਸ ਵੱਲੋਂ ਇੱਕ ਸਾਥੀ ਸਮੇਤ ਗ੍ਰਿਫ਼ਤਾਰ ਕੀਤੇ ਗਏ ਕਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਨੂੰ ਵੈਨਕੂਵਰ ਪੁਲੀਸ ਬੋਰਡ ਨੇ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ। ਵੈਨਕੂਵਰ ਪੁਲੀਸ ਦੇ ਮੁੱਖੀ ਸਤਵਿੰਦਰ ਸਿੰਘ ਰਾਏ ਉਰਫ ਸਟੀਵ ਰਾਏ ਨੇ ਪੱਤਰਕਾਰ ਸੰਮੇਲਨ ’ਚ ਦੱਸਿਆ ਕਿ ਢਾਈ ਸਾਲ ਚੱਲੀ ਜਾਂਚ ਦੌਰਾਨ ਵੱਡੀ ਗਿਣਤੀ ਲੋਕ ਕੈਲ ਵਲੋਂ ਉਨ੍ਹਾਂ ਦੀਆਂ ਰਕਮਾਂ ਦੱਬਣ ਦੀਆਂ ਸ਼ਿਕਾਇਤਾਂ ਲੈਕੇ ਆਏ, ਪਰ ਬਹੁਤੇ ਆਪਣੀਆਂ ਰਕਮਾਂ ਦੇ ਸਰੋਤਾਂ ਦਾ ਸਬੂਤ ਪੇਸ਼ ਨਹੀਂ ਕਰ ਸਕੇ।

ਉਨ੍ਹਾਂ ਦੱਸਿਆ ਕਿ ਮਿਲੇ ਸਬੂਤਾਂ ਅਨੁਸਾਰ 19 ਲੋਕਾਂ ਦੇ 30 ਲੱਖ ਡਾਲਰ ਦੇ ਘਪਲੇ ਦੇ ਸਬੂਤ ਮਿਲੇ, ਜਿਸ ਦੇ ਅਧਾਰ ਤੇ ਮਾਮਲਾ ਦਰਜ ਕਰਕੇ ਕੈਲ ਵਿਰੁੱਧ 9 ਅਤੇ ਸਾਥੀ ਵਿਰੁੱਧ 8 ਧਾਰਾਵਾਂ ਜੋੜੀਆਂ ਗਈਆਂ। ਰਾਏ ਨੇ ਦੁੱਖ ਪ੍ਰਗਟਾਉਂਦੇ ਹੋਏ ਦੱਸਿਆ ਕਿ ਇਸ ਘਟਨਾ ਨੇ ਵੈਨਕੂਵਰ ਪੁਲੀਸ ਦੇ ਮੱਥੇ ਉੱਤੇ ਉਹ ਕਾਲਾ ਟਿੱਕਾ ਲਾਇਆ ਹੈ, ਜਿਸਤੋਂ ਬਚਣ ਲਈ  ਵੈਨਕੂਵਰ ਪੁਲੀਸ ਦੇ 2500 ਅਧਿਕਾਰੀ ਅਕਸਰ ਚੌਕਸ ਰਹਿੰਦੇ ਹੋਏ ਆਪਣੀ ਡਿਊਟੀ ਇਮਾਨਦਾਰੀ, ਦਿਆਨਤਦਾਰੀ ਅਤੇ ਸ਼ਿੱਦਤ ਨਾਲ ਨਿਭਾਂਉਂਣ ਵਾਸਤੇ ਯਤਨਸ਼ੀਲ ਰਹਿੰਦੇ ਹਨ।
ਸਾਰੇ ਅਧਿਕਾਰੀ ਹਮੇਸ਼ਾ ਯਤਨ ਕਰਦੇ ਹਨ ਕਿ ਲੋਕਾਂ ਦੇ ਮਨਾਂ ’ਚ ਉਨ੍ਹਾਂ ਦਾ ਬਣਿਆ ਸਤਿਕਾਰ ਕਾਇਮ ਰਹੇ, ਪਰ ਇਸ ਘਟਨਾ ਨੇ ਪੁਲੀਸ ਪ੍ਰਸ਼ਾਸਨ ਦੀ ਸਾਖ ਨੂੰ ਪ੍ਰਭਾਵਿਤ ਕੀਤਾ ਹੈ।
ਵੈਨਕੂਵਰ ਪੁਲੀਸ ਦੇ 32ਵੇਂ ਮੁੱਖੀ ਬਣੇ ਸਟੀਵ ਰਾਏ ਨੇ ਕਿਹਾ ਕਿ, ‘‘ਮੈਨੂੰ ਵੀ ਸਮਝ ਨਹੀਂ ਆ ਰਿਹਾ ਹੈ ਕਿ ਕੁਰਾਹੇ ਪਏ ਨੌਜੁਆਨਾਂ ਨੂੰ ਸਮਝਾ ਕੇ ਸਿੱਧੇ ਰਾਹ ਪਾ ਕੇ ਨਾਮਣਾ ਖੱਟਣ ਵਾਲੇ ਵਿਅਕਤੀ ਨੇ ਇੰਜ ਕਿਉਂ ਕੀਤਾ ?’’
ਪੁਲੀਸ ਮੁਖੀ ਨੇ ਦੱਸਿਆ ਕਿ ਕੈਲ ਬਾਰੇ ਪੁਲੀਸ ਬੋਰਡ ਨੂੰ ਲਿਖ ਦਿੱਤਾ ਹੈ ਕਿ ਕੈਲ ਨੂੰ ਬਿਨਾਂ ਤਨਖਾਹ ਮੁਅੱਤਲ ਕੀਤਾ ਜਾਵੇ। ਕੈਲ ਵਿਰੁੱਧ ਦੋਸ਼ਾਂ ਦਾ ਸਬੰਧ ਉਸ ਦੇ ਗੈਰ ਮੁਨਾਫਾ ਸੇਵੀ ਸੰਗਠਨ ਨਾਲ ਹੋਣ ਬਾਰੇ ਪੁੱਛਣ ਦੇ ਪੁਲੀਸ ਮੁਖੀ ਨੇ ਕਿਹਾ ਕਿ ਮਾਮਲਾ ਅਦਾਲਤ ਵਿੱਚ ਜਾਣ ਕਰਕੇ ਉਹ ਪੂਰਾ ਖੁਲਾਸਾ ਨਹੀਂ ਕਰ ਸਕਦੇ।
 ਇੱਕ ਹੋਰ ਸਵਾਲ ਦੇ ਜਵਾਬ ’ਚ ਪੁਲੀਸ ਨੇ ਦੱਸਿਆ ਕਿ ਘਪਲੇ ਦਾ ਮੁੱਢ 2017 ’ਚ ਬੱਝੇ ਹੋ ਸਕਦੇ ਹਨ, ਜਿਸ ਵਿੱਚ ਸਾਲ ਦਰ ਸਾਲ ਵਾਧਾ ਹੁੰਦਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਸ਼ਿਕਾਇਤਾਂ ਦਸੰਬਰ 2023 ਵਿੱਚ ਆਈਆਂ ਤੇ ਉਦੋਂ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਬਹੁਤੇ ਸ਼ਿਕਾਇਤ ਕਰਤਾ ਜੁਟਾਈ ਗਈ ਰਕਮ ਦੇ ਸਰੋਤਾਂ ਦੇ ਸਬੂਤ ਪੇਸ਼ ਨਹੀਂ ਕਰ ਸਕੇ।
ਇਹ ਵੀ ਪਤਾ ਲੱਗਾ ਹੈ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਗੈਰਕਨੂੰਨੀ ਢੰਗ ਨਾਲ ਬਣਾਈਆਂ ਜਾਇਦਾਦਾਂ ਜ਼ਬਤ ਕਰਨ ਵਾਲੇ ਵਿਭਾਗ ਵੱਲੋਂ ਵੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੂਜੇ ਪਾਸ ਕੈਲ ਦੇ ਵਕੀਲ ਦਾ ਕਹਿਣਾ ਹੈ ਕਿ ਉਸਦਾ ਮੁਵੱਕਲ ਬੇਕਸੂਰ ਹੈ। ਉਸ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੱਕ ਉਸਦੇ ਕਿਰਦਾਰ ਉੱਤੇ ਉਂਗਲ ਉਠਾਉਣੀ ਗਲਤ ਹੋਵੇਗੀ।
Share: