Canada Sikh Threat: ਵਿਨੀਪੈਗ ਵਿੱਚ ਨਗਰ ਕੀਰਤਨ ਤੋਂ ਪਹਿਲਾਂ ਸਿੱਖਾਂ ਨੂੰ ਧਮਕੀ

Canada Sikh Threat: ਵਿਨੀਪੈਗ ਵਿੱਚ ਨਗਰ ਕੀਰਤਨ ਤੋਂ ਪਹਿਲਾਂ ਸਿੱਖਾਂ ਨੂੰ ਧਮਕੀ

ਵਿਨੀਪੈੱਗ : ਨਗਰ ਕੀਰਤਨ ਦੀਆਂ ਤਿਆਰੀਆਂ ਦਰਮਿਆਨ ਵਿਨੀਪੈਗ ਵਿੱਚ ਇੱਕ ਰੋਡ ਕਲੋਜ਼ਰ ਨੋਟਿਸ ’ਤੇ ਕੀਤੀ ਗਈ ਨਸਲੀ ਅਤੇ ਧਮਕੀ ਭਰੀ ਲਿਖਤ ਨੇ ਸਿੱਖ ਭਾਈਚਾਰੇ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਸੜਕ ਬੰਦ ਹੋਣ ਸਬੰਧੀ ਲਗਾਏ ਗਏ ਅਧਿਕਾਰਤ ਸਾਈਨ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿੱਖ ਭਾਈਚਾਰੇ ਨੂੰ “ਭਾਰਤ ਵਾਪਸ ਜਾਣ” ਲਈ ਲਿਖਿਆ ਗਿਆ। ਲਿਖਤ ਵਿੱਚ ਹਿੰਸਕ ਧਮਕੀ ਵਾਲੇ ਸ਼ਬਦ ਵੀ ਦਰਜ ਹਨ। ਇਹ ਘਟਨਾ 6 ਸਤੰਬਰ ਨੂੰ ਹੋਣ ਵਾਲੇ ਨਗਰ ਕੀਰਤਨ ਤੋਂ ਠੀਕ ਪਹਿਲਾਂ ਸਾਹਮਣੇ ਆਈ ਹੈ। ਸਿੱਖ ਸੁਸਾਇਟੀ ਆਫ਼ ਮੈਨੀਟੋਬਾ ਦੀ ਅਗਵਾਈ ਹੇਠ ਹੋਣ ਵਾਲਾ ਇਹ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ। ਨਗਰ ਕੀਰਤਨ ਮੈਮੋਰੀਅਲ ਪਾਰਕ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਸਾਹਿਬ ਤੱਕ ਜਾਵੇਗਾ, ਜਿਸ ਦੌਰਾਨ ਸੰਗਤ ਸ਼ਬਦ ਕੀਰਤਨ, ਸਿਮਰਨ ਅਤੇ ਸੇਵਾ ਰਾਹੀਂ ਗੁਰੂ ਸਾਹਿਬ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਏਗੀ। ਹਰ ਸਾਲ ਇਸ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੁੰਦੇ ਹਨ।

ਅਜਿਹੇ ਮਾਹੌਲ ਵਿੱਚ ਕਿਸੇ ਧਾਰਮਿਕ ਸਮਾਗਮ ਦੇ ਰੂਟ ਨਾਲ ਜੁੜੇ ਸਾਈਨ ’ਤੇ ਨਫ਼ਰਤੀ ਅਤੇ ਧਮਕੀ ਭਰੀ ਲਿਖਤ ਸਾਹਮਣੇ ਆਉਣਾ ਗੰਭੀਰ ਮਾਮਲਾ ਹੈ। “ਵਾਪਸ ਭਾਰਤ ਜਾਓ” ਵਰਗੀ ਭਾਸ਼ਾ ਸਿਰਫ਼ ਕਿਸੇ ਇੱਕ ਵਿਅਕਤੀ ਨੂੰ ਨਿਸ਼ਾਨਾ ਨਹੀਂ ਬਣਾਉਂਦੀ, ਬਲਕਿ ਇੱਥੇ ਵੱਸ ਰਹੇ ਪੂਰੇ ਭਾਈਚਾਰੇ ਦੀ ਪਹਿਚਾਣ ਅਤੇ ਹੱਕਾਂ ’ਤੇ ਸਵਾਲ ਖੜ੍ਹਾ ਕਰਨ ਦੀ ਕੋਸ਼ਿਸ਼ ਕਰਦੀ ਹੈ। ਵਿਨੀਪੈਗ ਸਮੇਤ ਮੈਨੀਟੋਬਾ ਵਿੱਚ ਸਿੱਖ ਭਾਈਚਾਰਾ ਲੰਮੇ ਸਮੇਂ ਤੋਂ ਸਮਾਜ ਦਾ ਅਹਿਮ ਹਿੱਸਾ ਹੈ। ਕਾਰੋਬਾਰ, ਸੇਵਾ, ਸੱਭਿਆਚਾਰ ਅਤੇ ਕਮਿਊਨਿਟੀ ਜੀਵਨ ਵਿੱਚ ਇਸ ਦੀ ਭੂਮਿਕਾ ਕਿਸੇ ਤੋਂ ਲੁਕੀ ਨਹੀਂ।

ਹੁਣ ਸਭ ਤੋਂ ਵੱਡਾ ਸਵਾਲ ਸੁਰੱਖਿਆ ਅਤੇ ਜਵਾਬਦੇਹੀ ਦਾ ਹੈ। ਜੇਕਰ ਨਫ਼ਰਤੀ ਲਿਖਤ ਦੇ ਨਾਲ ਹਿੰਸਾ ਦੀ ਧਮਕੀ ਵੀ ਦਿੱਤੀ ਗਈ ਹੈ ਤਾਂ ਮਾਮਲੇ ਦੀ ਗੰਭੀਰ ਜਾਂਚ ਹੋਣੀ ਚਾਹੀਦੀ ਹੈ। ਜ਼ਿੰਮੇਵਾਰ ਵਿਅਕਤੀ ਦੀ ਪਛਾਣ ਅਤੇ ਕਾਨੂੰਨ ਅਨੁਸਾਰ ਕਾਰਵਾਈ ਲਾਜ਼ਮੀ ਹੈ। ਨਫ਼ਰਤ ਦਾ ਜਵਾਬ ਡਰ ਨਾਲ ਨਹੀਂ, ਕਾਨੂੰਨ, ਏਕਤਾ ਅਤੇ ਸਾਂਝੀ ਆਵਾਜ਼ ਨਾਲ ਦਿੱਤਾ ਜਾਣਾ ਚਾਹੀਦਾ ਹੈ। ਵਿਨੀਪੈਗ ਦੀਆਂ ਸੜਕਾਂ ’ਤੇ ਨਗਰ ਕੀਰਤਨ ਦਾ ਸੰਦੇਸ਼ ਸਾਫ਼ ਹੈ—ਨਫ਼ਰਤ ਨਹੀਂ, ਸੇਵਾ ਅਤੇ ਸਾਂਝ।

Share: