ਟੋਕੀਓ : ਜਪਾਨ ਦੀ ਹਵਾਈ ਸੈਨਾ ਦਾ ਲੰਮੀ ਦੂਰੀ ਤੱਕ ਨਿਗਰਾਨੀ ਕਰਨ ਵਾਲਾ ਡਰੋਨ ਅੱਜ ਮੁਲਕ ਦੇ ਉੱਤਰ-ਪੱਛਮੀ ਸਾਹਿਲ ਨੇੜੇ ਉਡਾਣ ਦੌਰਾਨ ਅਚਾਨਕ ਲਾਪਤਾ ਹੋ ਗਿਆ ਹੈ। ਜਾਣਕਾਰੀ ਅਨੁਸਾਰ ਬਿਨਾਂ ਪਾਇਲਟ ਵਾਲਾ ਇਹ ਆਰ ਕਿਊ-4 ਬੀ ਏਅਰਕਰਾਫਟਟ, ਜਿਸ ਨੂੰ ‘ਗਲੋਬਲ ਹਾਕ’ ਵੀ ਕਿਹਾ ਜਾਂਦਾ ਹੈ, ਦੁਪਹਿਰੇ ਤੋਤੋਰੀ ਸਾਹਿਲ ਤੋਂ ਕਰੀਬ 50 ਕਿਲੋਮੀਟਰ ਦੂਰ ਰਾਡਾਰ ਤੋਂ ਗ਼ਾਇਬ ਹੋ ਗਿਆ। ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਡਰੋਨ ਕਿਸ ਮਿਸ਼ਨ ’ਤੇ ਸੀ। ਜ਼ਿਕਰਯੋਗ ਹੈ ਕਿ ਜਪਾਨੀ ਹਵਾਈ ਸੈਨਾ ਕੋਲ ਅਜਿਹੇ ਸਿਰਫ਼ ਤਿੰਨ ਗਲੋਬਲ ਹਾਕ ਡਰੋਨ ਹਨ, ਜੋ ਉੱਤਰੀ ਓਮੋਰੀ ਦੇ ਮਿਸਾਵਾ ਏਅਰਬੇਸ ’ਤੇ ਤਾਇਨਾਤ ਕੀਤੇ ਗਏ ਹਨ। ਇਹ ਡਰੋਨ 60,000 ਫੁੱਟ ਦੀ ਉਚਾਈ ’ਤੇ ਲਗਾਤਾਰ 36 ਘੰਟੇ ਉੱਡ ਸਕਦੇ ਹਨ। ਇਨ੍ਹਾਂ ਦੀ ਮਦਦ ਨਾਲ ਚੀਨ ਅਤੇ ਉੱਤਰੀ ਕੋਰੀਆ ਵਰਗੇ ਦੇਸ਼ਾਂ ਦੀ ਆਸਾਨੀ ਨਾਲ ਨਿਗਰਾਨੀ ਕੀਤੀ ਜਾ ਸਕਦੀ ਹੈ। ਜਪਾਨ ਅੱਜ ਕੱਲ੍ਹ ਲੜਾਕੂ ਡਰੋਨ ਅਤੇ ਮਸਨੂਈ ਬੌਧਿਕਤਾ (ਏ ਆਈ) ਦੀ ਮਦਦ ਨਾਲ ਆਪਣੀ ਰੱਖਿਆ ਰਣਨੀਤੀ ਨੂੰ ਆਧੁਨਿਕ ਬਣਾਉਣ ’ਤੇ ਜ਼ੋਰ ਦੇ ਰਿਹਾ ਹੈ। ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਜਪਾਨ ਨੇ 2022 ਦੀ ਆਪਣੀ ਪੰਜ ਸਾਲਾ ਯੋਜਨਾ ਤਹਿਤ ਰੱਖਿਆ ਬਜਟ ਦੁੱਗਣਾ ਕਰ ਦਿੱਤਾ ਹੈ। ਜਪਾਨ ਦੀ ਸਰਕਾਰ ਨਵੀਆਂ ਸੁਰੱਖਿਆ ਤੇ ਰੱਖਿਆ ਰਣਨੀਤੀਆਂ ਤਿਆਰ ਕਰ ਰਹੀ ਹੈ, ਜੋ ਇਸ ਸਾਲ ਦੇ ਅਖ਼ੀਰ ਵਿੱਚ ਲਾਗੂ ਹੋਣ ਦੀ ਉਮੀਦ ਹੈ। ਦੂਜੇ ਪਾਸੇ, ਚੀਨ ਲਗਾਤਾਰ ਜਪਾਨ ਦੇ ਇਨ੍ਹਾਂ ਕਦਮਾਂ ਦੀ ਆਲੋਚਨਾ ਕਰਦਾ ਆ ਰਿਹਾ ਹੈ।
Posted inJapan
ਜਪਾਨੀ ਹਵਾਈ ਸੈਨਾ ਦਾ ਨਿਗਰਾਨੀ Drone ਲਾਪਤਾ

