ਮਨੁੱਖੀ ਜੀਵਨ ਵਿੱਚ ਗਲਤੀਆਂ ਹੋ ਜਾਣਾ ਸੁਭਾਵਿਕ ਗੱਲ ਹੈ। ਦੁਨੀਆ ਵਿੱਚ ਕੋਈ ਵੀ ਇਨਸਾਨ ਅਜਿਹਾ ਨਹੀਂ, ਜਿਸ ਤੋਂ ਕਦੇ ਨਾ ਕਦੇ ਕੋਈ ਭੁੱਲ ਨਾ ਹੋਈ ਹੋਵੇ। ਘਰ, ਸਕੂਲ, ਦਫ਼ਤਰ ਜਾਂ ਸਮਾਜ—ਹਰ ਥਾਂ ਕੰਮ ਕਰਦੇ ਸਮੇਂ ਗਲਤੀ ਹੋ ਸਕਦੀ ਹੈ। ਅਸਲ ਗੱਲ ਗਲਤੀ ਹੋਣ ਦੀ ਨਹੀਂ, ਸਗੋਂ ਉਸ ਤੋਂ ਬਾਅਦ ਸਾਡੇ ਰਵੱਈਏ ਦੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਗਲਤੀਆਂ ਉਹੀ ਕਰਦੇ ਹਨ ਜੋ ਕੁੱਝ ਕਰਨ ਦੀ ਹਿੰਮਤ ਰੱਖਦੇ ਹਨ। ਜੋ ਕੁੱਝ ਨਹੀਂ ਕਰਦਾ, ਉਸ ਤੋਂ ਗਲਤੀ ਵੀ ਨਹੀਂ ਹੁੰਦੀ। ਪਰ ਸਮਝਦਾਰੀ ਇਸ ਗੱਲ ਵਿੱਚ ਹੈ ਕਿ ਆਪਣੀ ਗਲਤੀ ਨੂੰ ਮੰਨਿਆ ਜਾਵੇ ਅਤੇ ਉਸ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਜਾਵੇ। ਅੱਜਕੱਲ੍ਹ ਕਈ ਲੋਕ ਗਲਤੀ ਕਰਨ ਦੇ ਬਾਵਜੂਦ ਉਸ ਨੂੰ ਮੰਨਣ ਲਈ ਤਿਆਰ ਨਹੀਂ ਹੁੰਦੇ। ਉਹ ਆਪਣੀ ਭੁੱਲ ਸਵੀਕਾਰ ਕਰਨ ਦੀ ਬਜਾਏ ਬਹਿਸ ਕਰਦੇ ਹਨ ਅਤੇ ਹਰ ਹਾਲਤ ਵਿੱਚ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਰਵੱਈਆ ਹੰਕਾਰ ਨੂੰ ਵਧਾਉਂਦਾ ਹੈ, ਰਿਸ਼ਤਿਆਂ ਵਿੱਚ ਦੂਰੀ ਪੈਦਾ ਕਰਦਾ ਹੈ ਅਤੇ ਆਪਸੀ ਭਰੋਸੇ ਨੂੰ ਕਮਜ਼ੋਰ ਕਰ ਦਿੰਦਾ ਹੈ।ਆਪਣੀ ਗਲਤੀ ਮੰਨਣਾ ਅਤੇ ਦਿਲੋਂ ਮਾਫ਼ੀ ਮੰਗਣਾ ਕਮਜ਼ੋਰੀ ਨਹੀਂ, ਸਗੋਂ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਹੈ। ਮਾਫ਼ੀ ਮੰਗਣ ਨਾਲ ਮਨ ਦਾ ਬੋਝ ਹਲਕਾ ਹੁੰਦਾ ਹੈ, ਤਣਾਅ ਘਟਦਾ ਹੈ ਅਤੇ ਰਿਸ਼ਤਿਆਂ ਵਿੱਚ ਦੁਬਾਰਾ ਪਿਆਰ ਅਤੇ ਵਿਸ਼ਵਾਸ ਬਣਦਾ ਹੈ। ਇਹ ਮਨੁੱਖ ਨੂੰ ਨਿਮਰ ਬਣਾਉਂਦੀ ਹੈ ਅਤੇ ਆਪਣੀਆਂ ਗਲਤੀਆਂ ਤੋਂ ਸਿੱਖਣ ਦੀ ਪ੍ਰੇਰਣਾ ਦਿੰਦੀ ਹੈ। ਰੋਜ਼ਾਨਾ ਜੀਵਨ ਵਿੱਚ ਛੋਟੀਆਂ-ਛੋਟੀਆਂ ਗੱਲਾਂ ਕਰਕੇ ਅਕਸਰ ਮਨਮੁਟਾਅ ਹੋ ਜਾਂਦਾ ਹੈ। ਜੇ ਸਮੇਂ ਸਿਰ ਇੱਕ ਸੱਚਾ “ਮਾਫ਼ ਕਰਨਾ” ਕਹਿ ਦਿੱਤਾ ਜਾਵੇ, ਤਾਂ ਕਈ ਰਿਸ਼ਤੇ ਟੁੱਟਣ ਤੋਂ ਬਚ ਸਕਦੇ ਹਨ। ਘਰ, ਸਕੂਲ, ਦਫ਼ਤਰ ਅਤੇ ਸਮਾਜ ਵਿੱਚ ਮਾਫ਼ੀ ਦਾ ਸੁਭਾਵ ਆਪਸੀ ਸਤਿਕਾਰ, ਪਿਆਰ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਦਾ ਹੈ। ਹੰਕਾਰ ਰਿਸ਼ਤਿਆਂ ਨੂੰ ਦੂਰ ਕਰਦਾ ਹੈ, ਜਦਕਿ ਮਾਫ਼ੀ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਂਦੀ ਹੈ। ਅੰਤ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਮਾਫ਼ੀ ਮੰਗਣਾ ਕਮਜ਼ੋਰੀ ਨਹੀਂ, ਸਗੋਂ ਸਾਡੇ ਸੱਭਿਆਚਾਰ ਅਤੇ ਚੰਗੇ ਚਰਿੱਤਰ ਦੀ ਪਹਿਚਾਣ ਹੈ। ਜੋ ਮਨੁੱਖ ਆਪਣੀ ਗਲਤੀ ਮੰਨ ਕੇ ਮਾਫ਼ੀ ਮੰਗਣ ਦਾ ਹੌਸਲਾ ਰੱਖਦਾ ਹੈ, ਉਹੀ ਅਸਲ ਅਰਥਾਂ ਵਿੱਚ ਸਮਝਦਾਰ ਅਤੇ ਜ਼ਿੰਮੇਵਾਰ ਇਨਸਾਨ ਹੁੰਦਾ ਹੈ। ਇਸ ਲਈ ਸਾਨੂੰ ਹਮੇਸ਼ਾ ਆਪਣੀ ਗਲਤੀ ਸਵੀਕਾਰ ਕਰਕੇ ਮਾਫ਼ੀ ਮੰਗਣ ਤੋਂ ਨਹੀਂ ਘਬਰਾਉਣਾ ਚਾਹੀਦਾ।
Posted inHealth & Wellness Literature
