ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਜਬਰ-ਜਨਾਹ ਮਾਮਲੇ ’ਚ ਘਿਰੇ Amarjit Chawla ਸਰੀ ’ਚ ਦੇਖੇ ਗਏ; ਭੇਸ ਬਦਲ ਕੇ ਘੁੰਮਣ ਦਾ ਦਾਅਵਾ

ਵੈਨਕੂਵਰ : ਪੰਜਾਬ ਵਿੱਚ ਇੱਕ ਔਰਤ ਦੀ ਸ਼ਿਕਾਇਤ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਕੈਨੇਡਾ ਆਏ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ’ਤੇ ਸਰੀ ਸ਼ਹਿਰ ਵਿੱਚ ਵੇਖਿਆ ਗਿਆ ਹੈ। ਚਾਵਲਾ ਨੂੰ ਜਾਣਨ ਅਤੇ ਪਛਾਣਨ ਵਾਲੇ ਸੂਤਰਾਂ ਅਨੁਸਾਰ ਉਹ ਕਥਿਤ ਪਛਾਣ ਲੁਕਾਉਣ ਲਈ ਵੱਡੇ ਸਾਈਜ਼ ਦਾ ਮੈਡੀਕਲ ਮਾਸਕ ਲਗਾ ਕੇ ਵਿਚਰਦੇ ਹਨ। ਇੱਕ ਸੂਤਰ ਨੇ ਦੱਸਿਆ ਕਿ ਉਸ ਨੇ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨੇੜਲੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਕਾਰ ’ਚੋਂ ਨਿਕਲ ਕੇ ਅੰਦਰ ਵੱਲ ਜਾਂਦੇ ਵਿਅਕਤੀ ਦੀ ਤੋਰ ਅਤੇ ਚਾਲ-ਢਾਲ ਤੋਂ ਅਨੁਮਾਨ ਲਾ ਲਿਆ ਸੀ ਕਿ ਸਾਹਮਣਿਓਂ ਆ ਰਿਹਾ ਵਿਅਕਤੀ ਚਾਵਲਾ ਹੀ ਹੋ ਸਕਦਾ ਹੈ। ਪਰ ਨੇੜੇ ਆਉਣ ’ਤੇ ਜਿਵੇਂ ਹੀ ਉਸ ਨੇ ਨਾਂ ਲੈ ਕੇ ਸਤਿ ਸ਼੍ਰੀ ਅਕਾਲ ਬੁਲਾਈ, ਤਾਂ ਚਾਵਲਾ ਇੱਕਦਮ ਤੇਜ਼ ਕਦਮ ਹੋ ਕੇ ਗੁਰਦੁਆਰਾ ਇਮਾਰਤ ਦੇ ਪਿਛਲੇ ਰਸਤੇ ਵੱਲ ਨੂੰ ਹੋ ਗਏ।

ਇੱਕ ਹੋਰ ਸੂਤਰ ਨੇ ਦੋ ਦਿਨ ਪਹਿਲਾਂ ਉਸ ਨੂੰ ਪੱਗ ਦੇ ਉੱਪਰੋਂ ਬੰਨ੍ਹੇ ਵੱਡ-ਆਕਾਰੀ ਠਾਠੇ ਵਿੱਚ ਕਿਸੇ ਜਾਣਕਾਰ ਦੇ ਘਰ ਦੇ ਡਰਾਈਨ-ਵੇਅ ’ਤੇ ਖੜ੍ਹੀ ਕਾਰ ਵੱਲ ਜਾਂਦੇ ਵੇਖਣ ਬਾਰੇ ਦੱਸਿਆ। ਇੱਕ ਹੋਰ ਸੂਤਰ ਨੇ ਦੱਸਿਆ ਕਿ ਉਹ ਚਾਵਲਾ ਨੂੰ ਉਦੋਂ ਤੋਂ ਜਾਣਦਾ ਅਤੇ ਪਛਾਣਦਾ ਹੈ, ਜਦੋਂ ਉਹ ‘ਚਾਵਲਾ-ਮਹਿਤਾ’ ਦੀ ਜੋੜੀ ਵਜੋਂ ਸਟੂਡੈਂਟਸ ਫ਼ੈਡਰੇਸ਼ਨ ਦੇ ਆਗੂ ਸਨ ਅਤੇ ਕੁਝ ਸਾਲ ਉਹ ਉਨ੍ਹਾਂ ਦਾ ਨੇੜਲਾ ਸਾਥੀ ਸੀ। ਉਸ ਦਾ ਕਹਿਣਾ ਸੀ ਕਿ ਪਿਛਲੇ ਸਾਲਾਂ ’ਚ ਚਾਵਲਾ ਅਕਸਰ ਸਰੀ ਆਉਂਦੇ ਰਹੇ ਅਤੇ ਉਸ ਦਾ ਅਕਸਰ ਵਾਹ ਪੈਂਦਾ ਰਿਹਾ, ਜਿਸ ਕਰਕੇ ਉਸ ਨੂੰ ਬਦਲੇ ਪਹਿਰਾਵੇ ’ਚ ਵੀ ਪਛਾਣਨਾ ਔਖਾ ਨਹੀਂ। ਉਸ ਨੇ ਦਾਅਵਾ ਕੀਤਾ ਕਿ ਉਹ ਜਾਣਦਾ ਹੈ ਕਿ ਚਾਵਲਾ ਦੀ ਠਾਹਰ ਕਿੱਥੇ-ਕਿੱਥੇ ਹੈ। ਕੁਝ ਦਿਨਾਂ ਤੋਂ ਵੈਨਕੂਵਰ ਨੇੜਲੇ ਸ਼ਹਿਰਾਂ ਦੀਆਂ ਸੱਥਾਂ ਵਿੱਚ ਪਹਿਲੀ ਚਰਚਾ ਚਾਵਲਾ ਵਿਰੁੱਧ ਦਰਜ ਹੋਏ ਜਬਰ ਜਨਾਹ ਕੇਸ ਬਾਰੇ ਛਿੜਦੀ ਹੈ ਅਤੇ ਗੱਲ ‘ਰੱਬ ਸਭ ਕੁਝ ਵੇਖਦਾ ਹੈ’ ਅਤੇ ‘ਦੇਰ ਹੈ, ਅੰਧੇਰ ਨਹੀਂ’ ਉੱਤੇ ਆ ਕੇ ਮੁੱਕਦੀ ਹੈ। ਸਰੀ ਪੁਲੀਸ ਦੇ ਇੱਕ ਸੂਤਰ ਦਾ ਕਹਿਣਾ ਸੀ ਕਿ ਉਨ੍ਹਾਂ ’ਚੋਂ ਕੁਝ ਡਿਊਟੀ ਦਾ ਕੰਮ ਨਾ ਹੁੰਦੇ ਹੋਏ ਵੀ ਸੂਹ ਰੱਖਣ ਦਾ ਯਤਨ ਕਰਦੇ ਹਨ, ਤਾਂ ਜੋ ਕਦੇ ਇੰਟਰਪੋਲ ਵੱਲੋਂ ਕਾਲ ਆਏ ਤਾਂ ਉਨ੍ਹਾਂ ਲਈ ਪਹੁੰਚ ਸੌਖੀ ਰਹੇ। ਵਿਸ਼ੇਸ਼ ਗੱਲ ਇਹ ਵੇਖਣ ਨੂੰ ਮਿਲੀ ਕਿ ਕੁਝ ਪੰਜਾਬੀਆਂ ਨੇ ਅਖ਼ਬਾਰਾਂ ’ਚ ਛਪੀਆਂ ਚਾਵਲਾ ਦੀਆਂ ਫ਼ੋਟੋਆਂ ਕੱਟ ਕੇ ਜੇਬਾਂ ’ਚ ਪਾਈਆਂ ਹੋਈਆਂ ਹਨ, ਤਾਂ ਜੋ ਪਛਾਣ ਕਰਨੀ ਸੌਖੀ ਰਹੇ। ਚਰਚਾਵਾਂ ਦਾ ਮੁੱਢ ਪੰਜਾਬ ਸਿਆਸਤ ਤੋਂ ਬੱਝਦਾ ਹੈ ਅਤੇ ਹਰ ਚਰਚਾ ਵਿੱਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਦਤਾਂ ਬਾਰੇ ਦਿਲਚਸਪ ਯਾਦਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।

Share: