Bihar ਵਿੱਚ Gandak River ’ਚ Water level ਘਟਿਆ

Bihar ਵਿੱਚ Gandak River ’ਚ Water level ਘਟਿਆ

ਪਟਨਾ/ਉੱਤਰ ਪ੍ਰਦੇਸ਼/ਦੇਹਰਾਦੂਨ : ਨੇਪਾਲ ਵਿੱਚ ਅਚਾਨਕ ਆਏ ਹੜ੍ਹਾਂ ਤੋਂ ਇੱਕ ਦਿਨ ਬਾਅਦ ਬਿਹਾਰ ਦੀ ਗੰਡਕ ਨਦੀ ’ਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਇਸ ਨਾਲ ਉੱਤਰੀ ਬਿਹਾਰ ਦੇ ਨੀਵੇਂ ਇਲਾਕਿਆਂ ਦੇ ਵਸਨੀਕਾਂ ਨੂੰ ਰਾਹਤ ਮਿਲੀ ਹੈ। ਮੁੱਖ ਮੰਤਰੀ ਸਮਰਾਟ ਚੌਧਰੀ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ ਅਤੇ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀਆਂ ਮੁਤਾਬਕ ਪੱਛਮੀ ਚੰਪਾਰਨ ਦੇ ਵਾਲਮੀਕਿਨਗਰ ਬੈਰਾਜ ਤੋਂ ਪਾਣੀ ਦਾ ਵਹਾਅ ਵੀ ਘਟਿਆ ਹੈ। ਬੁੱਧਵਾਰ ਰਾਤ 11 ਵਜੇ ਇਹ 1.50 ਲੱਖ ਕਿਊਸਿਕ ਤੱਕ ਪਹੁੰਚ ਗਿਆ ਸੀ, ਜੋ ਵੀਰਵਾਰ ਸਵੇਰੇ ਘਟ ਕੇ 1.04 ਲੱਖ ਕਿਊਸਿਕ ਰਹਿ ਗਿਆ। ਨੇਪਾਲ ਤੋਂ ਹੜ੍ਹ ਦਾ ਪਾਣੀ ਆਉਣ ਮਗਰੋਂ ਬਿਹਾਰ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਵਹਾਅ ਨੂੰ ਕਾਬੂ ਕਰਨ ਲਈ ਬੈਰਾਜ ਦੇ ਸਾਰੇ 36 ਗੇਟ ਖੋਲ੍ਹ ਦਿੱਤੇ ਗਏ ਸਨ; ਹਾਲਾਂਕਿ ਨੇਪਾਲ ਦੇ ਦੇਵਘਾਟ ਇਲਾਕੇ ਵਿੱਚ ਦੇਰ ਰਾਤ ਮੀਂਹ ਕਾਰਨ ਪਾਣੀ ਮੁੜ ਵਧਣਾ ਸ਼ੁਰੂ ਹੋ ਗਿਆ ਸੀ। ਗੰਗਾ ਨਦੀ ’ਚ ਵੀ ਪਾਣੀ ਘਟ ਰਿਹਾ ਹੈ। ਅਧਿਕਾਰੀਆਂ ਵੱਲੋਂ ਹਾਲਾਤ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਅਤੇ ਕੁਸ਼ੀਨਗਰ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਗੰਡਕ ਸਮੇਤ ਹੋਰ ਨਦੀਆਂ ਦੀ ਨਿਗਰਾਨੀ ਵਧਾ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਨੀਵੇਂ ਅਤੇ ਨਦੀ ਕੰਢੇ ਵਸੇ ਪਿੰਡਾਂ ’ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਰਾਹਤ ਤੇ ਬਚਾਅ ਟੀਮਾਂ ਤਿਆਰ ਹਨ। ਇਸੇ ਤਰ੍ਹਾਂ ਉੱਤਰਾਖੰਡ ਦੇ ਸਰਹੱਦੀ ਜ਼ਿਲ੍ਹੇ ਚੰਪਾਵਤ ਵਿੱਚ ਵੀ ਚੌਕਸੀ ਵਧਾ ਦਿੱਤੀ ਗਈ ਹੈ। ਟਨਕਪੁਰ ਸਥਿਤ ਐੱਸ ਡੀ ਆਰ ਐੱਫ ਦੀ ਚੌਕੀ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਲੋਕਾਂ ਨੂੰ ਸ਼ਾਰਦਾ ਨਦੀ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਐੱਸ ਡੀ ਆਰ ਐੱਫ ਦੀ ਟੀਮ ਸ਼ਾਰਦਾ ਘਾਟ, ਬੈਰਾਜ ਅਤੇ ਨੀਵੇਂ ਇਲਾਕਿਆਂ ਵਿੱਚ ਲਗਾਤਾਰ ਗਸ਼ਤ ਕਰ ਰਹੀ ਹੈ।

ਤਾਮਿਲ ਨਾਡੂ ਦੇ 106 ਸ਼ਰਧਾਲੂ ਫਸੇ ਹੋਣ ਦਾ ਦਾਅਵਾ

ਚੇਨਈ: ਤਾਮਿਲ ਨਾਡੂ ਸਰਕਾਰ ਨੇਪਾਲ ’ਚ ਅਚਾਨਕ ਆਏ ਭਿਆਨਕ ਹੜ੍ਹਾਂ ਕਾਰਨ ਫਸੇ ਸੂਬੇ ਦੇ ਸ਼ਰਧਾਲੂਆਂ ਦੀ ਬਚਾਅ ਮੁਹਿੰਮ ਉੱਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਸਕੂਲੀ ਸਿੱਖਿਆ ਬਾਰੇ ਮੰਤਰੀ ਏ ਰਾਜਮੋਹਨ ਨੇ ਵਿਧਾਨ ਸਭਾ ’ਚ ਦੱਸਿਆ ਕਿ ਸਰਕਾਰ ਚੇਨਈ ਤੋਂ ਗਏ 49 ਹੋਰ ਸ਼ਰਧਾਲੂਆਂ ਦੀ ਸਥਿਤੀ ਅਤੇ ਉਨ੍ਹਾਂ ਦਾ ਥਹੁ-ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਤਾਮਿਲ ਨਾਡੂ ਦੇ 10 ਜ਼ਿਲ੍ਹਿਆਂ ਤੋਂ 54 ਅਤੇ ਪੁੱਡੂਚੇਰੀ ਤੋਂ ਤਿੰਨ ਵਿਅਕਤੀ ਮਾਨਸਰੋਵਰ ਯਾਤਰਾ ’ਤੇ ਗਏ ਸਨ। ਇਸ ਤੋਂ ਇਲਾਵਾ ਚੇਨਈ ਦੇ ਇੱਕ ਟੂਰ ਆਪਰੇਟਰ ਵੱਲੋਂ ਮਾਨਸਰੋਵਰ ਗਏ 49 ਹੋਰ ਵਿਅਕਤੀਆਂ ਨੂੰ ਮਿਲਾ ਕੇ ਕੁੱਲ ਸ਼ਰਧਾਲੂਆਂ ਦੀ ਗਿਣਤੀ 106 ਹੋ ਗਈ ਹੈ। ਉੱਧਰ, ਕੇਰਲਾ ਦੇ 52 ਵਿਅਕਤੀ ਵੀ ਨੇਪਾਲ ’ਚ ਫਸੇ ਹੋਏ ਹਨ। ਤਾਮਿਲ ਨਾਡੂ ਸਰਕਾਰ ਹਰ ਘੰਟੇ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੀ ਹੈ ਅਤੇ ਕਾਠਮੰਡੂ ਰਾਹੀਂ ਬਚਾਏ ਗਏ 20 ਵਿਅਕਤੀਆਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਯਤਨ ਜਾਰੀ ਹਨ। ਤਾਮਿਲ ਨਾਡੂ ਦੇ ਮੁੱਖ ਮੰਤਰੀ ਸੀ ਜੋਸਫ ਵਿਜੈ ਨੇ ਨੇਪਾਲ ’ਚ ਅਚਾਨਕ ਆਏ ਹੜ੍ਹਾਂ ਕਾਰਨ ਪੈਦਾ ਹੋਏ ਹਾਲਾਤ ਦੀ ਨਜ਼ਰਸਾਨੀ ਕੀਤੀ ਅਤੇ ਅਧਿਕਾਰੀਆਂ ਤੇ ਮੰਤਰੀਆਂ ’ਤੇ ਆਧਾਰਿਤ ਟੀਮਾਂ ਨੂੰ ਕਾਠਮੰਡੂ ਅਤੇ ਦਿੱਲੀ ਜਾ ਕੇ ਤਾਲਮੇਲ ਬਣਾਉਣ ਦੇ ਨਿਰਦੇਸ਼ ਦਿੱਤੇ ਵਿਜੈ ਨੇ ਆਈ ਏ ਐੱਸ ਅਧਿਕਾਰੀ ਥਿਰੂ ਆਸ਼ੀਸ਼ ਕੁਮਾਰ ਦੀ ਅਗਵਾਈ ਹੇਠ ਟੀਮ ਨੂੰ ਕਾਠਮੰਡੂ ਜਾ ਕੇ ਰਾਹਤ ਅਤੇ ਬਚਾਅ ਕਾਰਜ ਦੇਖਣ ਲਈ ਕਿਹਾ।

Share: