ਤਹਿਰਾਨ ਦੌਰੇ ਤੋਂ ਪਹਿਲਾਂ Trump ਨੇ ਪਾਕਿ ਫ਼ੌਜ ਮੁਖੀ Asim Munir ਨਾਲ ਕੀਤੀ ਗੱਲਬਾਤ: ਰਿਪੋਰਟ

ਤਹਿਰਾਨ ਦੌਰੇ ਤੋਂ ਪਹਿਲਾਂ Trump ਨੇ ਪਾਕਿ ਫ਼ੌਜ ਮੁਖੀ Asim Munir ਨਾਲ ਕੀਤੀ ਗੱਲਬਾਤ: ਰਿਪੋਰਟ

ਤਹਿਰਾਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਦੇ ਸੋਮਵਾਰ ਨੂੰ ਹੋਏ ਤਹਿਰਾਨ (ਇਰਾਨ) ਦੌਰੇ ਤੋਂ ਪਹਿਲਾਂ ਪਿਛਲੇ ਹਫ਼ਤੇ ਉਨ੍ਹਾਂ ਨਾਲ ਫ਼ੋਨ ’ਤੇ ਗੱਲਬਾਤ ਕੀਤੀ। ਇੱਕ ਰਿਪੋਰਟ ਮੁਤਾਬਕ, ਮਾਮਲੇ ਨਾਲ ਜੁੜੇ ਇੱਕ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਟਰੰਪ ਅਤੇ ਜਨਰਲ ਮੁਨੀਰ ਵਿਚਾਲੇ ਇਰਾਨ ਦੇ ਮੌਜੂਦਾ ਹਾਲਾਤ ਅਤੇ ਖੇਤਰੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਈ। ਪਾਕਿ ਫ਼ੌਜ ਮੁਖੀ ਦੇ ਤਹਿਰਾਨ ਪਹੁੰਚਣ ’ਤੇ ਇਰਾਨ ਦੀ ਸੁਪਰੀਮ ਨੈਸ਼ਨਲ ਸਕਿਓਰਿਟੀ ਕੌਂਸਲ ਦੇ ਸਕੱਤਰ ਮੇਜਰ ਜਨਰਲ ਮੁਹਸਿਨ ਰਜ਼ਾਈ ਅਤੇ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਗਾਲੀਬਾਫ਼ ਨਾਲ ਅਹਿਮ ਮੁਲਾਕਾਤਾਂ ਹੋਈਆਂ। ਇਰਾਨੀ ਸਰਕਾਰੀ ਬ੍ਰਾਡਕਾਸਟਰ ਅਨੁਸਾਰ, ਰਜ਼ਾਈ ਨੇ ਹੋਰਮੁਜ਼ ਜਲਮਾਰਗ ਦੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ ਨੂੰ ਆਪਣਾ ਰਵੱਈਆ ਬਦਲਣਾ ਪਵੇਗਾ ਅਤੇ ਪਾਕਿਸਤਾਨ ਦੀ ਪਹਿਲਕਦਮੀ ’ਤੇ ਤਿਆਰ ਕੀਤੇ 14-ਨੁਕਾਤੀ ਸਹਿਮਤੀ ਪੱਤਰ (MoU) ਦੀਆਂ ਸ਼ਰਤਾਂ ਨੂੰ ਲਾਗੂ ਕਰਨ ਲਈ ਅਮਲੀ ਕਦਮ ਚੁੱਕਣੇ ਪੈਣਗੇ। ਮੁਲਾਕਾਤ ਦੌਰਾਨ ਇਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਗਾਲੀਬਾਫ਼ ਨੇ ਅਮਰੀਕਾ ’ਤੇ ਜੂਨ ਮਹੀਨੇ ਪੱਛਮੀ ਏਸ਼ੀਆ ਵਿੱਚ ਤਣਾਅ ਘਟਾਉਣ ਅਤੇ ਪਰਮਾਣੂ ਪ੍ਰੋਗਰਾਮ ’ਤੇ ਤਕਨੀਕੀ ਗੱਲਬਾਤ ਲਈ ਹੋਏ 14-ਨੁਕਾਤੀ ਸਮਝੌਤੇ ਦੀ ਵਾਰ-ਵਾਰ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਏ। ਟੈਲੀਗ੍ਰਾਮ ’ਤੇ ਜਾਰੀ ਬਿਆਨ ਚ ਗਾਲੀਬਾਫ਼ ਨੇ ਕਿਹਾ ਕਿ ਅਮਰੀਕਾ ਨੇ ਆਪਣੀਆਂ ਵਚਨਬੱਧਤਾਵਾਂ ਤੋਂ ਪਿੱਛੇ ਹਟ ਕੇ ਖੇਤਰ ’ਚ ਅਸਥਿਰਤਾ ਅਤੇ ਅਵਿਸ਼ਵਾਸ ਦਾ ਮਾਹੌਲ ਪੈਦਾ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਰਾਨ ਬਾਹਰੀ ਦਬਾਅ ਤੋਂ ਬਿਨਾਂ ਸਮਝੌਤੇ ’ਤੇ ਕਾਇਮ ਹੈ ਅਤੇ ਅਮਰੀਕਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਚਾਹੀਦੀਆਂ ਹਨ।

Share: