Onion Price Hike: ਪਿਆਜ਼ ਦੀਆਂ ਕੀਮਤਾਂ ਵਧੀਆਂ; ਕਈ ਸ਼ਹਿਰਾਂ ’ਚ 60 ਰੁਪਏ ਤੋਂ ਪਾਰ

Onion Price Hike: ਪਿਆਜ਼ ਦੀਆਂ ਕੀਮਤਾਂ ਵਧੀਆਂ; ਕਈ ਸ਼ਹਿਰਾਂ ’ਚ 60 ਰੁਪਏ ਤੋਂ ਪਾਰ

ਚੰਡੀਗੜ੍ਹ : ਦੇਸ਼ ਵਿੱਚ ਪਿਆਜ਼ ਦੀਆਂ ਕੀਮਤਾਂ ਇੱਕ ਵਾਰ ਫਿਰ ਤੇਜ਼ੀ ਨਾਲ ਵਧਣ ਲੱਗੀਆਂ ਹਨ। ਕਈ ਸ਼ਹਿਰਾਂ ਵਿਚ ਇਹ 60 ਰੁਪਏ ਕਿਲੋ ਤੋਂ ਵੀ ਪਾਰ ਹੋ ਗਿਆ ਹੈ। ਪੰਜਾਬ ਵਿਚ ਅੱਜ ਪਿਆਜ਼ 50 ਤੋਂ 60 ਰੁਪਏ ਪ੍ਰਤੀ ਕਿਲੋ ਤਕ ਵਿਕਿਆ। ਕੇਂਦਰੀ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਅੱਜ ਦੇਸ਼ ਵਿੱਚ ਪਿਆਜ਼ ਦੀ ਔਸਤ ਖੁਦਰਾ ਕੀਮਤ 43.53 ਰੁਪਏ ਪ੍ਰਤੀ ਕਿਲੋ ਰਹੀ। ਇਹ ਪਿਛਲੇ ਸਾਲ ਦੇ 27.37 ਰੁਪਏ ਦੇ ਮੁਕਾਬਲੇ 59 ਫੀਸਦੀ ਵੱਧ ਹੈ। ਥੋਕ ਕੀਮਤ ਵੀ ਇੱਕ ਸਾਲ ਵਿੱਚ 21.23 ਤੋਂ ਵਧ ਕੇ 35.58 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਹਾਲਾਂਕਿ ਕਈ ਵੱਡੇ ਸ਼ਹਿਰਾਂ ਵਿੱਚ ਪਿਆਜ਼ ਦੀ ਕੀਮਤ ਕੌਮੀ ਔਸਤ ਨਾਲੋਂ ਕਾਫ਼ੀ ਜ਼ਿਆਦਾ ਹੈ। ਦਿੱਲੀ ਵਿੱਚ ਪਿਆਜ਼ ਲਗਭਗ 55 ਰੁਪਏ, ਕੋਲਕਾਤਾ ਵਿੱਚ 53 ਰੁਪਏ ਅਤੇ ਚੇਨਈ ਵਿੱਚ 60 ਰੁਪਏ ਪ੍ਰਤੀ ਕਿਲੋ ਤੱਕ ਵਿਕ ਰਿਹਾ ਸੀ।

ਇਸ ਦੌਰਾਨ ਪਿਆਜ਼ ਦੀਆਂ ਕੀਮਤਾਂ ਵੀ ਇੱਕ ਸਾਲ ਵਿੱਚ 59 ਫੀਸਦੀ ਵਧ ਗਈਆਂ ਹਨ। ਸਰਕਾਰੀ ਅੰਕੜਿਆਂ ਮੁਤਾਬਕ 24 ਅਗਸਤ ਨੂੰ ਪਿਆਜ਼ ਦੀ ਔਸਤ ਪ੍ਰਚੂਨ ਕੀਮਤ 43.53 ਰੁਪਏ ਪ੍ਰਤੀ ਕਿਲੋ ਰਹੀ, ਜੋ ਪਿਛਲੇ ਸਾਲ ਇਸੇ ਦਿਨ 27.37 ਰੁਪਏ ਸੀ। ਕੀਮਤਾਂ ’ਤੇ ਕਾਬੂ ਪਾਉਣ ਲਈ ਸਰਕਾਰ ਨੇ ਮਹਾਰਾਸ਼ਟਰ ਦੇ ਨਾਸਿਕ ਤੋਂ ਪ੍ਰਮੁੱਖ ਖਪਤ ਕੇਂਦਰਾਂ ਤੱਕ ‘ਕਾਂਦਾ ਐਕਸਪ੍ਰੈੱਸ’ ਰਾਹੀਂ ਬਫਰ ਸਟਾਕ ਭੇਜਣਾ ਸ਼ੁਰੂ ਕੀਤਾ ਹੈ। ਪਹਿਲੇ ਪੜਾਅ ਵਿੱਚ ਚੇਨਈ, ਮਦੁਰਈ, ਦਿੱਲੀ, ਏਰਨਾਕੁਲਮ ਅਤੇ ਗੁਹਾਟੀ ਨੂੰ ਪਿਆਜ਼ ਭੇਜਿਆ ਜਾਵੇਗਾ, ਜਿੱਥੇ ਇਹ 35 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੇਚਿਆ ਜਾਵੇਗਾ

ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ‘ਅੱਛੇ ਦਿਨ’ ਦਾ ਦਾਅਵਾ ਕਰਨ ਵਾਲੀ ਸਰਕਾਰ ਵਿੱਚ ਗਰੀਬ ਅਤੇ ਮੱਧ ਵਰਗ ਲਈ ਘਰ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਖੰਡ ਤੋਂ ਬਾਅਦ ਪਿਆਜ਼ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧੀਆਂ ਹਨ। ਦੁੱਧ, ਤੇਲ, ਫਲ ਤੇ ਰਾਸ਼ਨ ਮਹਿੰਗੇ ਹੋ ਰਹੇ ਹਨ। ਉਨ੍ਹਾਂ ਸਰਕਾਰ ਤੋਂ ਸਵਾਲ ਕੀਤਾ ਕਿ ਵਧਦੀ ਮਹਿੰਗਾਈ ਦਰਮਿਆਨ ਆਮ ਲੋਕ ਆਪਣਾ ਗੁਜ਼ਾਰਾ ਕਿਵੇਂ ਕਰਨ?

ਸਰਕਾਰ ਵੱਲੋਂ ਪਿਆਜ਼ ਦੀਆਂ ਕੀਮਤਾਂ ਘਟਾਉਣ ਦੇ ਯਤਨ

ਕੀਮਤਾਂ ਨੂੰ ਕਾਬੂ ਕਰਨ ਲਈ ਕੇਂਦਰ ਸਰਕਾਰ ਨੇ ਨਾਸਿਕ ਤੋਂ ਪਿਆਜ਼ ਦਾ ਬਫਰ ਸਟਾਕ ਰੇਲ ਰਾਹੀਂ ਵੱਡੇ ਸ਼ਹਿਰਾਂ ਤੱਕ ਭੇਜਣਾ ਸ਼ੁਰੂ ਕੀਤਾ ਹੈ। ‘ਕੰਦਾ ਐਕਸਪ੍ਰੈੱਸ’ ਰਾਹੀਂ ਦਿੱਲੀ, ਚੇਨਈ, ਕੋਚੀ ਅਤੇ ਗੁਹਾਟੀ ਵਰਗੇ ਸ਼ਹਿਰਾਂ ਵਿੱਚ ਵਾਧੂ ਪਿਆਜ਼ ਪਹੁੰਚਾਇਆ ਜਾਵੇਗਾ। ਸਰਕਾਰ ਦਾ ਮਕਸਦ ਸਪਲਾਈ ਵਧਾ ਕੇ ਕੀਮਤਾਂ ਨੂੰ ਹੇਠਾਂ ਲਿਆਉਣਾ ਹੈ। ਸਰਕਾਰ ਮੁਤਾਬਕ ਪਿਆਜ਼ ਦੀਆਂ ਕੀਮਤਾਂ ਵਿੱਚ ਇਹ ਵਾਧਾ ਮੁੱਖ ਤੌਰ ’ਤੇ ਮੌਸਮੀ ਕਾਰਨਾਂ ਅਤੇ ਸਪਲਾਈ ਵਿੱਚ ਕਮੀ ਨਾਲ ਜੁੜਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਸਰਕਾਰੀ ਬਫਰ ਸਟਾਕ ਦੀ ਸਪਲਾਈ ਵਧਣ ਨਾਲ ਖਪਤਕਾਰਾਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ।

Share: