Satkar Yojana: ਰੱਖੜੀ ’ਤੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ, 9 ਲੱਖ ਤੋਂ ਵੱਧ ਔਰਤਾਂ ਨੂੰ ਮਿਲੇਗਾ ਲਾਭ

Satkar Yojana: ਰੱਖੜੀ ’ਤੇ ਜਾਰੀ ਹੋਵੇਗਾ 3 ਮਹੀਨਿਆਂ ਦਾ ਭੱਤਾ, 9 ਲੱਖ ਤੋਂ ਵੱਧ ਔਰਤਾਂ ਨੂੰ ਮਿਲੇਗਾ ਲਾਭ

ਚੰਡੀਗਡ਼੍ਹ : ਮੁੱਖ ਮੰਤਰੀ ਭਗਵੰਤ ਮਾਨ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਤੀਜੇ ਪੜਾਅ ਦਾ ਆਗ਼ਾਜ਼ ਰੱਖੜੀ ਦੇ ਤਿਉਹਾਰ ਮੌਕੇ ਕਰਨਗੇ। ਪੰਜਾਬ ਸਰਕਾਰ ਵੱਲੋਂ ਰੱਖੜੀ ਦੇ ਤਿਉਹਾਰ ’ਤੇ ਸੂਬਾਈ ਸਮਾਗਮ ਕੀਤਾ ਜਾਵੇਗਾ ਜਿਸ ’ਚ ਤਿੰਨ ਮਹੀਨੇ ਦਾ ਸਤਿਕਾਰ ਭੱਤਾ ਉਨ੍ਹਾਂ ਔਰਤਾਂ ਨੂੰ ਜਾਰੀ ਕੀਤਾ ਜਾਵੇਗਾ ਜਿਨ੍ਹਾਂ ਦੇ ਖਾਤਿਆਂ ’ਚ ਹਾਲੇ ਤੱਕ ਰਕਮ ਨਹੀਂ ਪੁੱਜੀ। ਪਹਿਲੀ ਜੁਲਾਈ ਤੋਂ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਮਾਣ ਭੱਤਾ ਦੇਣਾ ਸ਼ੁਰੂ ਕੀਤਾ ਗਿਆ ਹੈ। ਹੁਣ ਤੱਕ ਇਸ ਯੋਜਨਾ ਦਾ ਲਾਭ ਲੈਣ ਲਈ 75.50 ਲੱਖ ਔਰਤਾਂ ਰਜਿਸਟਰਡ ਹੋਈਆਂ ਹਨ ਜਿਨ੍ਹਾਂ ’ਚੋਂ 51.62 ਲੱਖ ਜਨਰਲ ਵਰਗ ਅਤੇ 23.88 ਲੱਖ ਔਰਤਾਂ ਦਲਿਤ ਵਰਗ ਦੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਜੁਲਾਈ ਤੋਂ ਸਮਾਗਮ ਕਰ ਕੇ ਇਹ ਸਤਿਕਾਰ ਭੱਤਾ ਦੇਣਾ ਸ਼ੁਰੂ ਕੀਤਾ ਅਤੇ ਹੁਣ ਤੱਕ 65.62 ਲੱਖ ਔਰਤਾਂ ਦੇ ਖਾਤਿਆਂ ’ਚ ਪੈਸੇ ਟਰਾਂਸਫਰ ਹੋ ਚੁੱਕੇ ਹਨ ਜਦੋਂ ਕਿ 9.88 ਲੱਖ ਔਰਤਾਂ ਨੂੰ ਇਹ ਰਾਸ਼ੀ ਮਿਲਣੀ ਬਾਕੀ ਹੈ ਜਿਨ੍ਹਾਂ ਨੂੰ ਰੱਖੜੀ ਦੇ ਤਿਉਹਾਰ ਮੌਕੇ ਰਾਸ਼ੀ ਟਰਾਂਸਫਰ ਕੀਤੀ ਜਾਵੇਗੀ। ਮੁੱਢਲੇ ਪੜਾਅ ’ਤੇ ਔਰਤਾਂ ਨੂੰ ਤਿੰਨ ਮਹੀਨੇ (ਜੁਲਾਈ ਤੋਂ ਸਤੰਬਰ ਤੱਕ) ਦਾ ਸਤਿਕਾਰ ਭੱਤਾ ਇਕੱਠਾ ਦਿੱਤਾ ਜਾ ਰਿਹਾ ਹੈ। ਰੱਖੜੀ ਦੇ ਤਿਉਹਾਰ ’ਤੇ ਕਰੀਬ 348 ਕਰੋੜ ਰੁਪਏ ਔਰਤਾਂ ਦੇ ਖਾਤਿਆਂ ’ਚ ਭੇਜੇ ਜਾਣੇ ਹਨ। ਪੰਜਾਬ ਸਰਕਾਰ ਹੁਣ ਤੱਕ ਇਸ ਸਕੀਮ ਤਹਿਤ ਔਰਤਾਂ ਦੇ ਖਾਤਿਆਂ ’ਚ ਕਰੀਬ 2,275 ਕਰੋੜ ਰੁਪਏ ਭੇਜ ਚੁੱਕੀ ਹੈ।

ਮੌਜੂਦਾ ਰਜਿਸਟ੍ਰੇਸ਼ਨ ਦੇ ਲਿਹਾਜ਼ ਨਾਲ ਇਸ ਸਕੀਮ ’ਤੇ ਸਾਲਾਨਾ 10,492.80 ਕਰੋੜ ਦਾ ਖ਼ਰਚਾ ਆਵੇਗਾ ਜੋ ਪ੍ਰਤੀ ਮਹੀਨਾ 874.40 ਕਰੋੜ ਰੁਪਏ ਬਣਦਾ ਹੈ। ਔਸਤਨ ਦੇਖੀਏ ਤਾਂ ਔਰਤਾਂ ਦੀ ਝੋਲੀ ’ਚ ਰੋਜ਼ਾਨਾ 28.74 ਕਰੋੜ ਦਾ ਸਤਿਕਾਰ ਭੱਤਾ ਪਏਗਾ। ਜਾਣਕਾਰੀ ਅਨੁਸਾਰ ਇਸ ਸਕੀਮ ਲਈ ਔਰਤਾਂ ਦੀ ਰਜਿਸਟ੍ਰੇਸ਼ਨ 75.50 ਲੱਖ ’ਤੇ ਰੁਕ ਗਈ ਹੈ ਜਦੋਂ ਕਿ ਇਸ ਸਕੀਮ ਦਾ ਲਾਭ 90 ਲੱਖ ਔਰਤਾਂ ਨੂੰ ਮਿਲਣ ਦੇ ਅੰਦਾਜ਼ੇ ਲਾਏ ਗਏ ਸਨ। ਪੰਜਾਬ ’ਚ ਔਰਤ ਵੋਟਰਾਂ ਦੀ ਗਿਣਤੀ ਇੱਕ ਕਰੋੜ ਤੋਂ ਵੱਧ ਹੈ। ਵੱਡੀ ਗਿਣਤੀ ’ਚ ਔਰਤਾਂ ਹਾਲੇ ਇਸ ਸਕੀਮ ਨਾਲ ਜੁੜੀਆਂ ਵੀ ਨਹੀਂ ਹਨ। ਅਗਸਤ ਮਹੀਨੇ ’ਚ ਇਸ ਸਕੀਮ ਲਈ ਨਵੀਂ ਰਜਿਸਟ੍ਰੇਸ਼ਨ ਕਾਫ਼ੀ ਸੁਸਤ ਹੋ ਗਈ ਹੈ। ਇਸ ਯੋਜਨਾ ਤਹਿਤ ਜਨਰਲ ਵਰਗ ਦੀਆਂ ਔਰਤਾਂ ਨੂੰ ਇੱਕ ਹਜ਼ਾਰ ਰੁਪਏ ਤੇ ਦਲਿਤ ਵਰਗ ਦੀਆਂ ਔਰਤਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਤਿਕਾਰ ਭੱਤਾ ਦਿੱਤਾ ਜਾ ਰਿਹਾ ਹੈ।

Share: