Arjuna Award 2025: ਤੇਜਸਵਿਨ, ਦਿਵਿਆ ਤੇ ਗਾਇਤਰੀ ਸਮੇਤ 17 ਖਿਡਾਰੀਆਂ ਦੇ ਨਾਵਾਂ ਦਾ ਐਲਾਨ

Arjuna Award 2025: ਤੇਜਸਵਿਨ, ਦਿਵਿਆ ਤੇ ਗਾਇਤਰੀ ਸਮੇਤ 17 ਖਿਡਾਰੀਆਂ ਦੇ ਨਾਵਾਂ ਦਾ ਐਲਾਨ

ਨਵੀਂ ਦਿੱਲੀ : ਭਾਰਤੀ ਖੇਡ ਮੰਤਰਾਲੇ ਨੇ ਅੱਜ ਸਾਲ 2025 ਲਈ ਕਿਸੇ ਵੀ ਖਿਡਾਰੀ ਨੂੰ ਵੱਕਾਰੀ ਧਿਆਨ ਚੰਦ ਖੇਡ ਰਤਨ ਐਵਾਰਡ ਨਾ ਦੇਣ ਦਾ ਫ਼ੈਸਲਾ ਕੀਤਾ ਹੈ। 17 ਖਿਡਾਰੀਆਂ ਨੂੰ ਅਰਜੁਨ ਐਵਾਰਡ ਦੇਣ ਲਈ ਚੁਣਿਆ ਹੈ। ਇਨ੍ਹਾਂ ਐਵਾਰਡਾਂ ਲਈ ਛੇ ਮਹੀਨੇ ਪਹਿਲਾਂ ਸਿਫ਼ਾਰਸ਼ ਕੀਤੀ ਗਈ ਸੀ। ਸੁਪਰੀਮ ਕੋਰਟ ਦੇ ਸਾਬਕਾ ਜੱਜ ਅਰੁਣ ਕੁਮਾਰ ਮਿਸ਼ਰਾ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਹਾਕੀ ਖਿਡਾਰੀ ਹਾਰਦਿਕ ਸਿੰਘ ਨੂੰ ਦੇਸ਼ ਦੇ ਸਰਬਉੱਚ ਖੇਡ ਐਵਾਰਡ ਲਈ ਨਾਮਜ਼ਦ ਕੀਤਾ ਸੀ ਪਰ ਆਖ਼ਰ ’ਚ ਉਹ ਦੌੜ ’ਚੋਂ ਬਾਹਰ ਹੋ ਗਿਆ। 2014 ਵਿੱਚ ਵੀ ਖੇਡ ਰਤਨ ਐਵਾਰਡ ਨਹੀਂ ਦਿੱਤਾ ਗਿਆ ਸੀ। ਵਿਸ਼ਵ ਕੱਪ ਜੇਤੂ ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ, ਡੈਕਥਲੌਨ ਅਤੇ ਉੱਚੀ ਛਾਲ ਦੇ ਐਥਲੀਟ ਤੇਜਸਵਿਨ ਸ਼ੰਕਰ ਅਤੇ ਬੈਡਮਿੰਟਨ ਖਿਡਾਰਨ ਗਾਇਤਰੀ ਗੋਪੀਚੰਦ ਸਣੇ 17 ਖਿਡਾਰੀਆਂ ਨੂੰ ਅੱਜ ਵੱਕਾਰੀ ਅਰਜੁਨ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ। ਅਰਜੁਨ ਐਵਾਰਡ ਲਈ ਨਾਮਜ਼ਦ ਖਿਡਾਰੀਆਂ ਵਿੱਚ ਗਰੈਂਡਮਾਸਟਰ ਵਿਦਿਤ ਗੁਜਰਾਤੀ, ਬੈਡਮਿੰਟਨ ਖਿਡਾਰਨ ਤਰੀਸਾ ਜੌਲੀ, ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਮੁੱਕੇਬਾਜ਼ ਨਰਿੰਦਰ ਅਤੇ ਨੌਜਵਾਨ (ਸੁਣਨ ’ਚ ਅਸਮਰੱਥ) ਰਾਈਫਲ ਨਿਸ਼ਾਨੇਬਾਜ਼ ਧਨੁਸ਼ ਸ੍ਰੀਕਾਂਤ ਵੀ ਸ਼ਾਮਲ ਹੈ। ਏਸ਼ਿਆਈ ਖੇਡਾਂ 1962 ਵਿੱਚ ਸੋਨ ਤਗ਼ਮਾ ਜੇਤੂ ਭਾਰਤੀ ਫੁਟਬਾਲ ਟੀਮ ਦੇ ਮੈਂਬਰ ਆਈ ਅਰੂਮੈਨਾਯਾਗਮ ਨੂੰ ਤਾਉਮਰ ਪ੍ਰਾਪਤੀਆਂ ਵਾਸਤੇ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ। ਮੰਤਰਾਲੇ ਨੇ ਤਿੰਨ ਦਰੋਣਾਚਾਰੀਆ ਐਵਾਰਡ ਜੇਤੂਆਂ ਦੇ ਨਾਂ ਵੀ ਐਲਾਨੇ ਹਨ। ਦੱਸਣਯੋਗ ਹੈ ਕਿ ਇਹ ਐਵਾਰਡ ਹਰ ਸਾਲ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਦਿੱਤੇ ਜਾਂਦੇ ਹਨ।

ਅਰਜੁਨ ਐਵਾਰਡ ਲਈ ਚੁਣੇ ਖਿਡਾਰੀ

ਅਰਜੁਨ ਐਵਾਰਡ ਲਈ ਤੇਜਸਵਿਨ ਸ਼ੰਕਰ ਤੇ ਪ੍ਰਿਯੰਕਾ ਗੋਸਵਾਮੀ (ਐਥਲੈਟਿਕਸ), ਨਰਿੰਦਰ (ਮੁੱਕੇਬਾਜ਼ੀ), ਵਿਦਿਤ ਗੁਜਰਾਤੀ ਤੇ ਦਿਵਿਆ ਦੇਸ਼ਮੁਖ (ਦੋਵੇਂ ਸ਼ਤਰੰਜ), ਧਨੁਸ਼ ਸ੍ਰੀਕਾਂਤ (ਡੈਫ ਸ਼ੂਟਿੰਗ), ਰਾਜਕੁਮਾਰ ਪਾਲ (ਹਾਕੀ), ਸੁਰਜੀਤ (ਕਬੱਡੀ), ਰੁਦਰਾਂਸ਼ ਖੰਡੇਲਵਾਲ (ਪੈਰਾ-ਸ਼ੂਟਿੰਗ), ਏਕਤਾ ਭਯਾਨ (ਪੈਰਾ ਐਥਲੈਟਿਕਸ), ਅਰਵਿੰਦ ਸਿੰਘ (ਰੋਇੰਗ), ਅਖਿਲ ਸ਼ਿਓਰਾਨ (ਨਿਸ਼ਾਨੇਬਾਜ਼ੀ), ਤਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ (ਦੋਵੇਂ ਬੈਡਮਿੰਟਨ), ਲਾਲਰੇਮਸਿਆਮੀ (ਹਾਕੀ), ਮੁਹੰਮਦ ਅਜਮਲ (ਐਥਲੈਟਿਕਸ) ਤੇ ਪੂਜਾ (ਕਬੱਡੀ) ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਦਰੋਣਾਚਾਰੀਆ ਐਵਾਰਡ ਲਈ ਪਰਵੀਰ ਸਿੰਘ, ਛੋਟੇ ਲਾਲ ਯਾਦਵ, ਨੇਹਾ ਚਵਾਨ ਜਦਕਿ ਦਰੋਣਾਚਾਰੀਆ ਐਵਾਰਡ (ਲਾਈਫਟਾਈਮ) ਲਈ ਧਰਮਿੰਦਰ ਯਾਦਵ ਤੇ ਵਰਿੰਦਰ ਕੁਮਾਰ ਨੂੰ ਚੁਣਿਆ ਗਿਆ ਹੈ।

Share: