ਲੁਧਿਆਣਾ : ਖਾਧ ਪਦਾਰਥਾਂ ਦੀ ਗੁਣਵੱਤਾ, ਸਫ਼ਾਈ ਦੇ ਮਿਆਰਾਂ ਅਤੇ ਤੰਬਾਕੂ ਕੰਟਰੋਲ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਫੂਡ ਸੇਫ਼ਟੀ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FSDA) ਲੁਧਿਆਣਾ ਵੱਲੋਂ ਜ਼ਿਲ੍ਹੇ ਭਰ ਵਿੱਚ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਟੀਮਾਂ ਵੱਲੋਂ ਵੱਖ-ਵੱਖ ਬੇਕਰੀਆਂ, ਫਾਸਟ ਫੂਡ ਆਊਟਲੈੱਟਾਂ, ਡਰਾਈ ਫਰੂਟ ਦੀਆਂ ਦੁਕਾਨਾਂ ਅਤੇ ਤੰਬਾਕੂ ਦੇ ਵਿਕਰੇਤਾਵਾਂ ’ਤੇ ਸ਼ਿਕੰਜਾ ਕੱਸਿਆ ਗਿਆ।
ਬੇਕਰੀਆਂ ਅਤੇ ਪ੍ਰਸਿੱਧ ਆਊਟਲੈੱਟਾਂ ’ਤੇ ਕਾਰਵਾਈ
ਟਿੱਬਾ ਰੋਡ ’ਤੇ ਸਥਿਤ ਦੋ ਬੇਕਰੀਆਂ ਦੀ ਚੈਕਿੰਗ ਦੌਰਾਨ ਸਫ਼ਾਈ ਦੇ ਗੰਭੀਰ ਨੁਕਸ ਪਾਏ ਗਏ, ਜਿਸ ’ਤੇ ਕਾਰਵਾਈ ਕਰਦਿਆਂ ਮੌਕੇ ’ਤੇ ਹੀ ਦੋਵਾਂ ਬੇਕਰੀ ਮਾਲਕਾਂ ਦੇ ਚਲਾਨ ਕੱਟੇ ਗਏ। ਇਸ ਤੋਂ ਇਲਾਵਾ ਪੈਸਟਰੀ, ਕੇਕ ਸਪੰਜ, ਜੈਮ ਰੋਲ ਦੇ ਚਾਰ ਸੈਂਪਲ ਲੈ ਕੇ ਜਾਂਚ ਲਈ ਸਟੇਟ ਫੂਡ ਲੈਬਾਰਟਰੀ ਭੇਜੇ ਗਏ ਹਨ। ਜਾਂਚ ਰਿਪੋਰਟ ਆਉਣ ਤੋਂ ਬਾਅਦ ਫੂਡ ਸੇਫ਼ਟੀ ਐਕਟ, 2006 ਤਹਿਤ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸੇ ਲੜੀ ਤਹਿਤ ਸੁੰਦਰ ਨਗਰ ਸਥਿਤ ‘ਡੋਮੀਨੋਜ਼’ (Domino’s) ਆਊਟਲੈੱਟ ਦੀ ਵੀ ਚੈਕਿੰਗ ਕੀਤੀ ਗਈ, ਜਿੱਥੇ ਖਾਮੀਆਂ ਮਿਲਣ ’ਤੇ ਚਲਾਨ ਜਾਰੀ ਕਰਕੇ ਤੁਰੰਤ ਸੁਧਾਰ ਕਰਨ ਦੇ ਨਿਰਦੇਸ਼ ਦਿੱਤੇ ਗਏ।
ਖਰਾਬ ਮੇਵੇ ਨਸ਼ਟ ਅਤੇ ਗੁਮਰਾਹਕੁੰਨ ਲੇਬਲ ਵਾਲੇ ਉਤਪਾਦਾਂ ’ਤੇ ਰੋਕ
ਸਿਵਲ ਲਾਈਨਜ਼ ਸਥਿਤ ਡਰਾਈ ਫਰੂਟ ਦੀ ਇੱਕ ਦੁਕਾਨ ਤੋਂ ਬਾਦਾਮ, ਅਖਰੋਟ ਅਤੇ ਗਾਂ ਦੇ ਘਿਓ ਦੇ ਸੈਂਪਲ ਲਏ ਗਏ। ਇਸ ਦੌਰਾਨ ਕੀੜੇ ਲੱਗੀ ਸੁੰਡ ਵਾਲੀ ਸੌਗੀ (ਕਿਸ਼ਮਿਸ਼) ਅਤੇ ਮੱਖੀਆਂ ਵਾਲੀ ਮਿਸ਼ਰੀ ਅਸੁਰੱਖਿਅਤ ਪਾਏ ਜਾਣ ’ਤੇ ਮੌਕੇ ’ਤੇ ਹੀ ਤਬਾਹ ਕਰਵਾਈ ਗਈ। ਇਸ ਤੋਂ ਇਲਾਵਾ, ਹੇਲ ਐਨਰਜੀ ਡਰਿੰਕ, ਮਾਨਸਟਰ ਐਨਰਜੀ ਡਰਿੰਕ, ਅਮੂਲ ਸ਼ੂਗਰ ਫ੍ਰੀ ਆਈਸਕ੍ਰੀਮ ਅਤੇ ਕਿੰਡਰ ਜੋਏ ਦੇ ਲੇਬਲਾਂ ’ਤੇ ਗੁਮਰਾਹਕੁੰਨ ਜਾਣਕਾਰੀ ਦੇਣ ਦੇ ਮਾਮਲੇ ’ਚ ਇੱਕ ਡਿਸਟ੍ਰੀਬਿਊਟਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਡਿਸਟ੍ਰੀਬਿਊਟਰ ਨੂੰ ਇਨ੍ਹਾਂ ਉਤਪਾਦਾਂ ਦੀ ਵਿਕਰੀ ਤੁਰੰਤ ਰੋਕਣ ਅਤੇ ਬਾਜ਼ਾਰ ’ਚੋਂ ਸਟਾਕ ਵਾਪਸ ਮੰਗਵਾਉਣ (product recall) ਦੇ ਹੁਕਮ ਦਿੱਤੇ ਗਏ ਹਨ।
ਗੈਰ-ਕਾਨੂੰਨੀ ਤੰਬਾਕੂ ਵਿਰੁੱਧ ਛਾਪੇਮਾਰੀ ਅਤੇ ਜਨਤਕ ਅਪੀਲ
ਪੰਜਾਬ ਪੁਲੀਸ ਦੇ ਸਹਿਯੋਗ ਨਾਲ ਟੀਮਾਂ ਨੇ ਬਿਨਾਂ ਚਿਤਾਵਨੀ ਵਾਲੀਆਂ ਤਸਵੀਰਾਂ ਦੇ ਵੇਚੇ ਜਾ ਰਹੇ ਵਿਦੇਸ਼ੀ ਸਿਗਰਟਾਂ ਦੇ ਸਟਾਕ ਨੂੰ ਰੋਕਣ ਲਈ ਸ਼ਹਿਰ ਦੇ ਕਈ ਗੋਦਾਮਾਂ ਅਤੇ ਦੁਕਾਨਾਂ ’ਤੇ ਛਾਪੇਮਾਰੀ ਕੀਤੀ। ‘ਕੋਟਪਾ’ (COTPA, 2003) ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ‘ਫੂਡ ਸੇਫ਼ਟੀ ਆਨ ਵੀਲਜ਼’ ਵੈਨ ਰਾਹੀਂ ਰੇਹੜੀਆਂ-ਫੜੀਆਂ ਅਤੇ ਮਿਠਾਈਆਂ ਦੀਆਂ ਦੁਕਾਨਾਂ ’ਤੇ ਮੌਕੇ ’ਤੇ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ਿਸ਼ ਚਾਵਲਾ ਨੇ ਦੱਸਿਆ ਕਿ ਲੋਕਾਂ ਨੂੰ ਸ਼ੁੱਧ ਅਤੇ ਸੁਰੱਖਿਅਤ ਖਾਧ ਪਦਾਰਥ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪਹਿਲ ਹੈ। ਉਨ੍ਹਾਂ ਬਰਸਾਤੀ ਮੌਸਮ ਦੌਰਾਨ ਖੁੱਲ੍ਹੇ ਵਿੱਚ ਵਿਕਦੇ ਕੱਟੇ ਹੋਏ ਫਲ ਨਾ ਖਰੀਦਣ ਦੀ ਅਪੀਲ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।

