ਚੰਡੀਗੜ੍ਹ : ਭਾਰਤੀ ਪੁਲਾੜ ਖੋਜ ਸੰਗਠਨ (ਆਈ.ਐੱਸ.ਆਰ.ਓ.) ਵੱਲੋਂ ਜਾਰੀ ਕੀਤੀਆਂ ਗਈਆਂ ਸੈਟੇਲਾਈਟ ਤਸਵੀਰਾਂ ਉਸ ਬਰਫ਼ ਦੇ ਤੋਦੇ (ਐਵਲਾਂਚ) ਜਾਂ ਜ਼ਮੀਨ ਖਿਸਕਣ ਦੇ ਦਾਇਰੇ ਨੂੰ ਉਜਾਗਰ ਕਰਦੀਆਂ ਹਨ ਜੋ ਨੇਪਾਲ ਵਿੱਚ ਤਬਾਹੀ ਮਚਾਉਣ ਵਾਲੇ ਹੜ੍ਹਾਂ ਲਈ ਜ਼ਿੰਮੇਵਾਰ ਬਣੀਆਂ। ਆਈ.ਐੱਸ.ਆਰ.ਓ. ਦੀ ਨੈਸ਼ਨਲ ਰਿਮੋਟ ਸੈਂਸਿੰਗ ਆਰਗੇਨਾਈਜ਼ੇਸ਼ਨ (ਐੱਨ.ਆਰ.ਐੱਸ.ਸੀ.) ਵੱਲੋਂ ਕੀਤੇ ਗਏ ਇੱਕ ਮੁੱਢਲੇ ਵਿਸ਼ਲੇਸ਼ਣ ਤੋਂ ਤ੍ਰਿਸ਼ੂਲੀ ਨਦੀ ਦੇ ਨਾਲ ਲੱਗਦੇ ਗਲੇਸ਼ੀਅਰ ਦੀ ਸਤ੍ਵਾ ਵਿੱਚ ਵੱਡੇ ਪੱਧਰ ’ਤੇ ਤਬਦੀਲੀਆਂ ਦਾ ਪਤਾ ਲੱਗਦਾ ਹੈ, ਜੋ ਕਿ ਨੇਪਾਲ-ਤਿਬਤ ਸਰਹੱਦ ਦੇ ਨੇੜੇ ਹੈ, ਜਿੱਥੋਂ ਹੜ੍ਹ ਦਾ ਪਾਣੀ ਆਉਣ ਦਾ ਮੰਨਿਆ ਜਾ ਰਿਹਾ ਹੈ। ਇਹ ਤਬਦੀਲੀਆਂ ISRO ਵੱਲੋਂ ਸਾਂਝੀਆਂ ਕੀਤੀਆਂ ਗਈਆਂ ‘ਪਹਿਲਾਂ ਅਤੇ ਬਾਅਦ’ (before and after) ਦੀਆਂ ਤਸਵੀਰਾਂ ਵਿੱਚ ਸਪੱਸ਼ਟ ਤੌਰ ’ਤੇ ਦਿਖਾਈ ਦੇ ਰਹੀਆਂ ਹਨ, ਤਸਵੀਰ ਦੇ ਸੱਜੇ ਪਾਸੇ ਜਿੱਥੇ ਗਲੇਸ਼ੀਅਰ ਸਥਿਤ ਹੈ। ਪ੍ਰਭਾਵਿਤ ਖੇਤਰ ਨੂੰ ਦਰਸਾਉਣ ਵਾਲਾ ਸਲੇਟੀ ਰੰਗ ਦਾ ਟੁਕੜਾ ‘ਬਾਅਦ’ (after) ਵਾਲੀ ਤਸਵੀਰ ਵਿੱਚ ਬਹੁਤ ਵੱਡਾ ਹੈ।
ਐੱਨ.ਆਰ.ਐੱਸ.ਸੀ. ਦੁਆਰਾ ਸੂਚੀਬੱਧ ਕੀਤੀਆਂ ਗਈਆਂ ਘਟਨਾਵਾਂ ਦੀ ਲੜੀ ਦੀ ਸ਼ੁਰੂਆਤ ਬਰਫ਼-ਪੱਥਰ ਦੇ ਤੋਦੇ (ਐਵਲਾਂਚ) ਜਾਂ ਜ਼ਮੀਨ ਖਿਸਕਣ ਨਾਲ ਹੋਈ। ਇਸ ਕਾਰਨ ਅਸਥਾਈ ਤੌਰ ’ਤੇ ਨਦੀ ਦਾ ਰਸਤਾ ਰੁਕ ਗਿਆ ਜਿਸ ਤੋਂ ਬਾਅਦ ਜਮ੍ਹਾਂ ਹੋਏ ਪਾਣੀ ਅਤੇ ਮਲਬੇ ਨੂੰ ਅਚਾਨਕ ਛੱਡ ਦਿੱਤਾ ਗਿਆ।
ਇਸਰੋ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਤ੍ਰਿਸ਼ੂਲੀ ਨਦੀ ਪ੍ਰਣਾਲੀ ਦੇ ਨਾਲ ਅਚਾਨਕ ਹੜ੍ਹ ਆ ਗਿਆ ਅਤੇ ਭਾਰੀ ਮਲਬਾ ਆ ਗਿਆ ਜਿਸ ਨਾਲ ਤੇਜ਼ੀ ਨਾਲ ਪਾਣੀ ਭਰ ਗਿਆ। ਪੁਲਾੜ ਏਜੰਸੀ ਵੱਲੋਂ ਵਿਸਤ੍ਰਿਤ ਮੁਲਾਂਕਣ ਕੀਤਾ ਜਾ ਰਿਹਾ ਹੈ। ਹੜ੍ਹਾਂ ਕਾਰਨ ਭਾਰੀ ਨੁਕਸਾਨ ਹੋਇਆ ਸੀ।
ਬਰਫ਼ ਦੇ ਤੋਦੇ (ਐਵਲਾਂਚ) ਦੀਆਂ ਇਹ ਤਸਵੀਰਾਂ ਇਸਰੋ ਵੱਲੋਂ 25 ਅਗਸਤ ਨੂੰ ਰਿਸੋਰਸਸੈਟ-2ਏ (RESOURCESAT-2A) ਦੀ ਵਰਤੋਂ ਕਰਕੇ ਕੈਪਚਰ ਕੀਤੀਆਂ ਗਈਆਂ ਸਨ, ਜੋ ਕਿ ਦਸੰਬਰ 2016 ਵਿੱਚ ਪੀ.ਐੱਸ.ਐੱਲ.ਵੀ.-ਸੀ36 (PSLV-C36) ਦੁਆਰਾ ਲਾਂਚ ਕੀਤਾ ਗਿਆ ਇੱਕ ਧਰਤੀ ਨਿਰੀਖਣ ਅਤੇ ਰਿਮੋਟ ਸੈਂਸਿੰਗ ਸੈਟੇਲਾਈਟ ਹੈ। ਇਹ ਧਰਤੀ ਦੇ ਕੁਦਰਤੀ ਸਰੋਤਾਂ ਦਾ ਨਿਯਮਤ ਤੌਰ ’ਤੇ ਮੈਪਿੰਗ ਅਤੇ ਨਿਗਰਾਨੀ ਕਰਨ ਲਈ 817 ਕਿਲੋਮੀਟਰ ਪੋਲਰ ਸਨ-ਸਿੰਕ੍ਰੋਨਸ ਆਬਿਟ ਵਿੱਚ ਕੰਮ ਕਰਦਾ ਹੈ।
ਤ੍ਰਿਸ਼ੂਲੀ ਨਦੀ ਤਿਬਤ ਵਿੱਚ ਕਿਰੋਂਗ ਤਸਾਂਪੋ ਅਤੇ ਲੇਂਧੇ ਖੋਲਾ ਦੇ ਮੇਲ ਤੋਂ ਨਿਕਲਦੀ ਹੈ। ਇਹ ਮੱਧ ਨੇਪਾਲ ਵਿੱਚ ਨਾਰਾਇਣੀ ਨਦੀ ਪ੍ਰਣਾਲੀ ਦੀ ਇੱਕ ਪ੍ਰਮੁੱਖ ਸਹਾਇਕ ਨਦੀ ਹੈ ਅਤੇ ਵ੍ਹਾਈਟ-ਵਾਟਰ ਰਾਫਟਿੰਗ ਲਈ ਇੱਕ ਪ੍ਰਸਿੱਧ ਸਥਾਨ ਹੈ। ਨੇਪਾਲ ਵਿੱਚ ਪੈਦਾ ਹੋਣ ਵਾਲੀਆਂ ਨਦੀਆਂ ਦਾ ਪਾਣੀ ਅੰਤ ਵਿੱਚ ਇੰਡੋ-ਗੰਗਾ ਦੇ ਮੈਦਾਨਾਂ ਵੱਲ ਵਹਿੰਦਾ ਹੈ।
