Punjab Employees Protest: ਬਦਲੇ ਰੰਗ: ਪਹਿਲਾਂ ਹੱਥਾਂ ’ਚ ਗੁਲਾਬ, ਹੁਣ ਦਿਲਾਂ ’ਚ ਮਲਾਲ

Punjab Employees Protest: ਬਦਲੇ ਰੰਗ: ਪਹਿਲਾਂ ਹੱਥਾਂ ’ਚ ਗੁਲਾਬ, ਹੁਣ ਦਿਲਾਂ ’ਚ ਮਲਾਲ

ਚੰਡੀਗੜ੍ਹ : ਮੁਲਾਜ਼ਮਾਂ ਨਾਲ ਜਦੋਂ ਅੱਜ ਗੱਲਬਾਤ ਦੇ ਬੂਹੇ ਬੰਦ ਹੋ ਗਏ ਤਾਂ ਚੰਡੀਗੜ੍ਹ ਦੇ ਸਿਵਲ ਸਕੱਤਰੇਤ ’ਚ ਰੋਹ ਦੇ ਬੰਨ੍ਹ ਟੁੱਟ ਗਏ। ਉਧਰੋਂ ਜਲੰਧਰ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋ ਟੁੱਕ ਲਫ਼ਜ਼ਾਂ ’ਚ ਕਿਹਾ ਕਿ ਗੱਲਬਾਤ ਤੇ ਹੜਤਾਲ ਇਕੱਠੇ ਨਹੀਂ ਚੱਲਣਗੇ। ਇੱਧਰੋਂ ਚੰਡੀਗੜ੍ਹ ਤੋਂ ਮੁਲਾਜ਼ਮਾਂ ਨੇ ਚੁਣੌਤੀ ਕਬੂਲੀ ਕਿ ਸਰਕਾਰ ਨਾਲ ਹੁਣ ਕਰਾਂਗੇ ਦੋ ਹੱਥ। ਅੱਜ ਸਮੁੱਚੇ ਪੰਜਾਬ ’ਚ ਲੱਖਾਂ ਮੁਲਾਜ਼ਮ ਸਮੂਹਿਕ ਛੁੱਟੀ ’ਤੇ ਸਨ, ਜਿਨ੍ਹਾਂ ਦੀ ਮੰਗ ਬਕਾਇਆ ਡੀ ਏ ਤੇ ਪੁਰਾਣੀ ਪੈਨਸ਼ਨ ਸਕੀਮ ਆਦਿ ਦੀ ਸੀ।

ਪੰਜਾਬ ਸਕੱਤਰੇਤ ਨੇ ਅੱਜ ਮੁਲਾਜ਼ਮਾਂ ਦੇ ਬਦਲੇ ਹੋਏ ਰੰਗ ਤੇ ਤੇਵਰ ਇੱਕੋ ਸਮੇਂ ਦੇਖੇ। ਜ਼ਿਕਰਯੋਗ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ 16 ਮਾਰਚ 2022 ਨੂੰ ਬੁੱਧਵਾਰ ਵਾਲੇ ਦਿਨ ਠੀਕ ਪੌਣੇ ਚਾਰ ਵਜੇ ਬਤੌਰ ਮੁੱਖ ਮੰਤਰੀ ਪਹਿਲੀ ਵਾਰ ਸਕੱਤਰੇਤ ਪੁੱਜੇ ਸਨ ਤਾਂ ਸਕੱਤਰੇਤ ਪਹਿਲੀ ਵਾਰ ਅਜਿਹਾ ਨਜ਼ਾਰਾ ਵੇਖ ਰਿਹਾ ਸੀ। ਹਰ ਮੰਜ਼ਿਲ ਦੀ ਬਾਲਕੋਨੀ ’ਚ ਖੜ੍ਹੇ ਮੁਲਾਜ਼ਮਾਂ ਨੇ ਭਗਵੰਤ ਮਾਨ ਦਾ ਸ਼ਾਹੀ ਸਵਾਗਤ ਕੀਤਾ। ਖ਼ੁਸ਼ੀ ’ਚ ਤਾੜੀਆਂ ਵੱਜੀਆਂ ਸਨ ਅਤੇ ਜ਼ਿੰਦਾਬਾਦ ਦੇ ਨਾਅਰੇ ਵੀ ਲੱਗੇ। ਇੱਕ ਨਾਇਕ ਦੀ ਤਰ੍ਹਾਂ ਮੁਲਾਜ਼ਮਾਂ ਨੇ ਸ਼ਾਹੀ ਸਵਾਗਤ ਕੀਤਾ ਸੀ। ਦੱਸਦੇ ਹਨ ਕਿ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਦਾ ਮੁਲਾਜ਼ਮਾਂ ਵੱਲੋਂ ਏਨੀ ਰੂਹ ਨਾਲ ਸਵਾਗਤ ਕੀਤਾ ਗਿਆ ਸੀ। ਉਸ ਵਕਤ ਮੁਲਾਜ਼ਮਾਂ ਦੇ ਹੱਥਾਂ ’ਚ ਗੁਲਾਬ ਸਨ ਤੇ ਅੱਖਾਂ ’ਚ ਸੁਪਨੇ। ਉਸ ਵੇਲੇ ਮੁਲਾਜ਼ਮਾਂ ਭਰੋਸੇ ’ਚ ਗੜੁੱਚ ਸਨ ਅਤੇ ਚਾਰੇ ਪਾਸੇ ਜਸ਼ਨਾਂ ਦੀ ਗੂੰਜ ਸੀ। ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ ਤਾਂ ਉਹੀ ਸਕੱਤਰੇਤ ਨਵੇਂ ਰੰਗ ਦੇਖ ਰਿਹਾ ਹੈ। ਜਿੱਥੇ ਕਦੇ ਜਸ਼ਨਾਂ ਦੀ ਗੂੰਜ ਪਈ ਸੀ, ਉੱਥੇ ਅੱਜ ਰੋਹ ਦੀ ਗੂੰਜ ਸੀ, ਜਿਨ੍ਹਾਂ ਹੱਥਾਂ ’ਚ ਗੁਲਾਬ ਸਨ, ਉਨ੍ਹਾਂ ਹੱਥਾਂ ’ਚ ਅੱਜ ਮੁਲਾਜ਼ਮਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ, ‘ਸਾਡੇ ਹੱਕ, ਏਥੇ ਰੱਖ।’ ਸਕੱਤਰੇਤ ਮੁਲਾਜ਼ਮਾਂ ਦੇ ਨਾਅਰਿਆਂ ਦੀ ਗੂੰਜ ’ਚ ਗੁਆਚਾ ਹੋਇਆ ਸੀ। ਪੰਜਾਬ ਸਕੱਤਰੇਤ ’ਚ ਅੱਜ ਮੁਲਾਜ਼ਮਾਂ ਦੀ ਹੜਤਾਲ ’ਚ ਵਜ਼ੀਰਾਂ ਅਤੇ ਆਈ ਏ ਐੱਸ ਅਫ਼ਸਰਾਂ ਦਾ ਨਿੱਜੀ ਸਟਾਫ਼ ਵੀ ਸ਼ਾਮਲ ਹੋਇਆ। ਸਕੱਤਰੇਤ ਦੀ ਗਰਾਊਂਡ ਫਲੋਰ ’ਤੇ ਮੁਲਾਜ਼ਮ ਬੈਠੇ ਹੋਏ ਸਨ। ਉਨ੍ਹਾਂ ਨੂੰ ਪੌੜੀਆਂ ਚੜ੍ਹਨ ਤੋਂ ਰੋਕਣ ਲਈ ਵਿਸ਼ੇਸ਼ ਪ੍ਰਬੰਧ ਸੀ। ਦਫ਼ਤਰਾਂ ’ਚ ਅੱਜ ਕੁਰਸੀਆਂ ਖ਼ਾਲੀ ਸਨ ਤੇ ਕੰਪਿਊਟਰ ਬੰਦ ਪਏ ਸਨ। ਪੌੜੀਆਂ ’ਚ ਸੁੰਨ ਸੀ ਤੇ ਦਫ਼ਤਰੀ ਅਲਮਾਰੀਆਂ ਨੂੰ ਤਾਲੇ ਵੱਜੇ ਹੋਏ ਸਨ। ਸਵੇਰ ਵਕਤ ਮੁਲਾਜ਼ਮਾਂ ਨੂੰ ਦਫ਼ਤਰਾਂ ’ਚ ਜਾਣ ਦੀ ਇਜਾਜ਼ਤ ਸੀ ਅਤੇ ਉਸ ਮਗਰੋਂ ਪੌੜੀਆਂ ਤੇ ਲਿਫ਼ਟ ਦਾ ਰਸਤਾ ਬੰਦ ਕਰ ਦਿੱਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਫ਼ੈਸਲਾ ਲੈਂਦਿਆਂ ਕਿਹਾ ਕਿ ਮੁਲਾਜ਼ਮ ਪਹਿਲਾਂ ਹੜਤਾਲ ਖ਼ਤਮ ਕਰਨ, ਫਿਰ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ। ਪੰਜਾਬ ਸਰਕਾਰ ਦੀ ਸਖ਼ਤੀ ਨੇ ਵਿਰੋਧੀ ਸਿਆਸੀ ਧਿਰਾਂ ਨੂੰ ਪੱਬਾਂ ਭਾਰ ਕਰ ਦਿੱਤਾ ਹੈ। ਵਿਰੋਧੀ ਧਿਰਾਂ ਦੇ ਆਗੂ ਮੁਲਾਜ਼ਮਾਂ ਦੀ ਹਮਾਇਤ ’ਚ ਕੁੱਦੇ ਹਨ। ਉਹ ਇਸ ਮੌਕੇ ਨੂੰ ਹੱਥੋਂ ਨਹੀਂ ਗੁਆਉਣਾ ਚਾਹੁੰਦੇ।

Share: