ਗਾਲੇ : ਭਾਰਤ ਨੇ ਇੱਥੇ ਸ੍ਰੀਲੰਕਾ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਅੱਜ ਆਪਣੀ ਸਥਿਤੀ ਮਜ਼ਬੂਤ ਕਰ ਲਈ ਤੇ ਮਹਿਮਾਨ ਟੀਮ ਨੂੰ ਹੁਣ ਜਿੱਤ ਲਈ ਸਿਰਫ਼ ਛੇ ਵਿਕਟਾਂ ਦੀ ਲੋੜ ਹੈ। ਭਾਰਤੀ ਟੀਮ ਨੇ ਪਹਿਲੀ ਪਾਰੀ ਦੇ ਆਧਾਰ ’ਤੇ 178 ਦੌੜਾਂ ਦੀ ਲੀਡ ਮਗਰੋਂ ਦੂਜੀ ਪਾਰੀ ’ਚ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦੀਆਂ 66 ਦੌੜਾਂ ਸਦਕਾ 193 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਨੂੰ ਜਿੱਤ ਲਈ 372 ਦੌੜਾਂ ਦਾ ਟੀਚਾ ਦਿੱਤਾ। ਮੈਚ ਦੇ ਚੌਥੇ ਦਿਨ ਸ੍ਰੀਲੰਕਾ ਨੇ ਟੀਚੇ ਦਾ ਪਿੱਛਾ ਕਰਦਿਆਂ ਖੇਡ ਖ਼ਤਮ ਹੋਣ ਤੱਕ ਸਿਰਫ਼ 84 ਦੌੜਾਂ ’ਤੇ ਹੀ ਚਾਰ ਵਿਕਟਾਂ ਗੁਆ ਦਿੱਤੀਆਂ ਤੇ ਉਸ ਨੂੰ ਜਿੱਤ ਲਈ ਹਾਲੇ ਵੀ 288 ਦੌੜਾਂ ਦੀ ਲੋੜ ਹੈ।
ਚੌਥੇ ਦਿਨ ਦੀ ਖੇਡ ਖ਼ਤਮ ਹੋਣ ਸਮੇਂ ਕਪਤਾਨ ਧਨੰਜੈ ਡੀਸਿਲਵਾ 31 ਦੌੜਾਂ ਤੇ ਪਹਿਲੀ ਪਾਰੀ ’ਚ ਸੈਂਕੜਾ ਜੜਨ ਵਾਲਾ ਸੋਨਲ ਦਿਨੁਸ਼ਾ 25 ਦੌੜਾਂ ਬਣਾ ਕੇ ਨਾਬਾਦ ਸਨ। ਇਸ ਪਹਿਲਾਂ ਸਲਾਮੀ ਬੱਲੇਬਾਜ਼ ਨਿਸ਼ਾਨ ਮਦੂਸ਼ਕਾ 6 ਦੌੜਾਂ, ਲਾਹਿਰੂ ਉਦਾਰਾ 16 ਦੌੜਾਂ ਤੇ ਕਮਿੰਦੂ ਮੈਂਡਿਸ 2 ਦੌੜਾਂ ਹੀ ਬਣਾ ਕੇ ਆਊਟ ਹੋਏ ਜਦਕਿ ਪਸਿੰਦੂ ਸੂਰੀਆਬੰਦਾਰਾ ਖਾਤਾ ਵੀ ਨਾ ਖੋਲ੍ਹ ਸਕਿਆ। ਭਾਰਤ ਵੱਲੋਂ ਮਾਨਵ ਸੁਥਾਰ ਨੇ 2 ਵਿਕਟਾਂ ਲਈਆਂ ਜਦਕਿ ਮੁਹੰਮਦ ਸਿਰਾਜ ਤੇ ਪ੍ਰਸਿਧ ਕ੍ਰਿਸ਼ਨਾ ਨੇ ਇੱਕ ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਭਾਰਤੀ ਟੀਮ ਪਹਿਲੀ ਪਾਰੀ ’ਚ ਸੈਂਕੜਾ ਜੜਨ ਵਾਲੇ ਦੇਵਦੱਤ ਪੱਡੀਕਲ ਦੀਆਂ 44 ਦੌੜਾਂ, ਐੱਲ ਰਾਹੁਲ ਦੀਆਂ 35 ਦੌੜਾਂ ਸਦਕਾ ਦੂਜੀ ਪਾਰੀ ’ਚ 193 ਦੌੜਾਂ ਬਣਾਉਣ ’ਚ ਕਾਮਯਾਬ ਰਹੀ। ਸ੍ਰੀਲੰਕਾ ਵੱਲੋਂ ਅਸਿਥਾ ਫਰਨਾਡੋਂ ਨੇ ਚਾਰ ਵਿਕਟਾਂ, ਪ੍ਰਭਾਤ ਜੈਸੂਰੀਆ ਨੇ ਤਿੰਨ ਅਤੇ ਲਾਹਿਰੂ ਕੁਮਾਰਾ ਨੇ 2 ਵਿਕਟਾਂ ਲਈਆਂ। ਭਾਰਤ ਨੇ ਪਹਿਲੀ ਪਾਰੀ ਵਿੱਚ 462 ਦੌੜਾਂ ਬਣਾਈਆਂ ਸਨ ਜਦਕਿ ਸ੍ਰੀਲੰਕਾਈ ਟੀਮ 284 ਦੌੜਾਂ ’ਤੇ ਆਊਟ ਹੋ ਗਈ ਸੀ।

