ਬਰੌਡ ਪੀਕ ‘ਤੇ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆਏ ਤਿੰਨ ਹੋਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ

ਬਰੌਡ ਪੀਕ ‘ਤੇ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆਏ ਤਿੰਨ ਹੋਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ

ਇਸਲਾਮਾਬਾਦ : ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ ਓ ਕੇ) ਵਿੱਚ ਬਰੌਡ ਪੀਕ ‘ਤੇ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆਏ 10 ਮੈਂਬਰੀ ਪਰਬਤਾਰੋਹੀ ਦਲ ਦੇ ਤਿੰਨ ਹੋਰ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮੀ ਪਰਬਤਾਰੋਹੀ ਦਲ ਵਿੱਚ ਸ਼ਾਮਲ ਦੋ ਹੋਰ ਮੈਂਬਰਾਂ ਦੀ ਭਾਲ ਵਿੱਚ ਲੱਗੇ ਹੋਏ ਹਨ। ਇਸ ਦਲ ਵਿੱਚ ਨੇਪਾਲ ਦੇ ਛੇ ਅਤੇ ਪਾਕਿਸਤਾਨ, ਓਮਾਨ, ਅਮਰੀਕਾ ਤੇ ਚੀਨ ਦਾ ਇੱਕ-ਇੱਕ ਪਰਬਤਾਰੋਹੀ ਸ਼ਾਮਲ ਸੀ। ਅਧਿਕਾਰੀਆਂ ਮੁਤਾਬਕ, ਇਹ ਦਲ ਵੀਰਵਾਰ ਨੂੰ ਗਿਲਗਿਟ-ਬਾਲਤਿਸਤਾਨ ਵਿੱਚ ਬਰੌਡ ਪੀਕ ‘ਤੇ ਲਗਪਗ 7,000 ਮੀਟਰ ਦੀ ਉਚਾਈ ‘ਤੇ ਬਰਫ਼ ਦੇ ਤੋਦਿਆਂ ਦੀ ਲਪੇਟ ਵਿੱਚ ਆਉਣ ਤੋਂ ਬਾਅਦ ਲਾਪਤਾ ਹੋ ਗਿਆ ਸੀ।

ਅਲਪਾਈਨ ਕਲੱਬ ਆਫ਼ ਪਾਕਿਸਤਾਨ’ (ਏ ਸੀ ਪੀ) ਨੇ ਦੱਸਿਆ ਕਿ ਦਲ ਵਿੱਚ ਸ਼ਾਮਲ ਚਾਰ ਪਰਬਤਾਰੋਹੀਆਂ ਦੀਆਂ ਲਾਸ਼ਾਂ ਬੀਤੇ ਸ਼ੁੱਕਰਵਾਰ ਨੂੰ ਬਰਾਮਦ ਕਰ ਲਈਆਂ ਗਈਆਂ ਸਨ, ਜਦਕਿ ਇੱਕ ਪਰਬਤਾਰੋਹੀ ਦੀ ਲਾਸ਼ ਸ਼ਨਿੱਚਰਵਾਰ ਦੇਰ ਰਾਤ ਅਤੇ ਤਿੰਨ ਹੋਰਾਂ ਦੀਆਂ ਲਾਸ਼ਾਂ ਐਤਵਾਰ ਨੂੰ ਮਿਲੀਆਂ।

ਏ ਸੀ ਪੀ ਅਨੁਸਾਰ, ਜਿਨ੍ਹਾਂ ਪਰਬਤਾਰੋਹੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਉਨ੍ਹਾਂ ਦੀ ਪਛਾਣ ਨੇਪਾਲ ਦੇ ਨਿਰਮਲ ਪੁਰਜਾ, ਪੁਰ ਬਹਾਦੁਰ ਗੁਰੂੰਗ, ਕਿਲੀ ਪੇਂਬਾ ਸ਼ੇਰਪਾ, ਨੀਮਾ ਸ਼ੇਰਪਾ ਅਤੇ ਗਿਆਲੂ ਸ਼ੇਰਪਾ; ਓਮਾਨ ਦੀ ਨਾਦਿਰਾ ਅਹਿਮਦ ਅਬਦੁੱਲਾ ਅਲ ਹਰਥੀ, ਅਮਰੀਕਾ ਦੀ ਮੈਲੋਰੀ ਗੀਸ ਅਤੇ ਚੀਨ ਦੇ ਵਾਂਗ ਝੋਂਗ ਵਜੋਂ ਹੋਈ ਹੈ।

ਨਿਰਮਲ ਪੁਰਜਾ ਦੀ ਲਾਸ਼ ਕਰੀਬ 5,700 ਮੀਟਰ ਦੀ ਉਚਾਈ ‘ਤੇ ਮਿਲੀ ਸੀ। ਉਨ੍ਹਾਂ ਨੇ 2019 ਵਿੱਚ ਦੁਨੀਆ ਦੀਆਂ 14 ਸਭ ਤੋਂ ਉੱਚੀਆਂ ਚੋਟੀਆਂ ‘ਤੇ ਸਭ ਤੋਂ ਤੇਜ਼ (ਸਿਰਫ਼ ਛੇ ਮਹੀਨਿਆਂ ਵਿੱਚ) ਚੜ੍ਹਾਈ ਕਰਨ ਦਾ ਰਿਕਾਰਡ ਬਣਾਇਆ ਸੀ।

Share: