ਮੁਹਾਲੀ : ਮੁਹਾਲੀ ਦੇ ਐਰੋਸਿਟੀ ‘ਏ’ ਬਲਾਕ ਵਿੱਚ ਇੱਕ ਉਸਾਰੀ ਅਧੀਨ Elite Medicity Hospital ਦੀ ਇਮਾਰਤ ਦੀ ਬੇਸਮੈਂਟ ਵਿੱਚ ਮਿੱਟੀ ਖਿਸਕਣ ਕਾਰਨ ਵਾਪਰੇ ਦਰਦਨਾਕ ਹਾਦਸੇ ਦੇ ਸਬੰਧ ਵਿੱਚ ਪੁਲੀਸ ਨੇ ਕੰਸਟਰਕਸ਼ਨ ਫਰਮ ‘ਕੰਸੋਰਡ, ਫੋਰਮੈਨ ਰਾਮ ਬਾਬੂ, ਸਾਈਟ ਇੰਚਾਰਜ ਹਰਿੰਦਰ ਅਤੇ ਠੇਕੇਦਾਰ ਰਾਜੇਸ਼ ਚੌਹਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਅਣਗਹਿਲੀ ਨਾਲ ਹੋਈਆਂ ਮੌਤਾਂ ਅਤੇ ਮਨੁੱਖੀ ਜਾਨਾਂ ਨੂੰ ਖਤਰੇ ਵਿੱਚ ਪਾਉਣ ਦੇ ਦੋਸ਼ਾਂ ਹੇਠ ਕੀਤੀ ਗਈ ਹੈ। ਇਸ ਹਾਦਸੇ ਵਿੱਚ ਉੱਤਰ ਪ੍ਰਦੇਸ਼ ਦੇ ਬਰੇਲੀ ਨਾਲ ਸਬੰਧਤ ਦੋ ਮਜ਼ਦੂਰਾਂ ਉਦੇਵੀਰ ਅਤੇ ਓਮਿੰਦਰ ਦੀ ਮੌਤ ਹੋ ਗਈ, ਜਦੋਂਕਿ ਅਨੁਜ ਨਾਮਕ ਮਜ਼ਦੂਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਪੁਲੀਸ ਅਧਿਕਾਰੀਆਂ ਅਨੁਸਾਰ ਇਹ ਉਸਾਰੀ ਅਧੀਨ ਹਸਪਤਾਲ ਮੁਹਾਲੀ ਦੇ ਇੱਕ ਪ੍ਰਮੁੱਖ ਹੱਡੀਆਂ ਅਤੇ ਜੋੜਾਂ ਦੇ ਰੋਗਾਂ (ਆਰਥੋਪੈਡਿਕ) ਦੇ ਮਾਹਰ ਡਾਕਟਰ ਨਾਲ ਸਬੰਧਤ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਗਮਾਡਾ (GMADA) ਅਤੇ ਪੁਲੀਸ ਨੂੰ ਦੋ ਅਲੱਗ-ਅਲੱਗ ਰਿਪੋਰਟਾਂ ਤਿਆਰ ਕਰਨ ਦੇ ਹੁਕਮ ਦਿੱਤੇ ਹਨ। ਗਮਾਡਾ ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰਕੇ ਰਿਪੋਰਟ ਸੌਂਪਣਗੇ ਕਿ ਕੀ ਉਸਾਰੀ ਦੌਰਾਨ ਬਿਲਡਿੰਗ ਬਾਈਲਾਜ਼ (ਨਿਯਮਾਂ) ਦੀ ਉਲੰਘਣਾ ਕੀਤੀ ਗਈ ਸੀ। ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਨੂੰ ਬੇਸਮੈਂਟ ’ਚ ਕੰਮ ਕਰ ਰਹੇ ਮਜ਼ਦੂਰਾਂ ‘ਤੇ ਕਰੀਬ 30 ਫੁੱਟ ਦੀ ਉੱਚਾਈ ਤੋਂ ਮਿੱਟੀ ਦਾ ਇੱਕ ਵੱਡਾ ਢੇਰ ਆ ਡਿੱਗਿਆ। ਸੂਤਰਾਂ ਅਨੁਸਾਰ, ਨੇੜਲੀ ਸੜਕ ਤੋਂ ਲੰਘੇ ਇੱਕ ਭਾਰੀ ਟਰੱਕ ਦੀ ਧਮਕ ਕਾਰਨ ਪੁੱਟੀ ਹੋਈ ਢਿੱਲੀ ਮਿੱਟੀ ਬਹਿ ਗਈ ਅਤੇ ਇਹ ਹਾਦਸਾ ਵਾਪਰ ਗਿਆ। ਸਥਾਨਕ ਕੌਂਸਲਰ ਹਰਵਿੰਦਰ ਸਿੰਘ ਬਿੰਦਰ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਹਸਪਤਾਲ ਦੀ ਬੇਸਮੈਂਟ ਬਣਾਉਣ ਲਈ 30 ਫੁੱਟ ਡੂੰਘੀ ਖੁਦਾਈ ਕੀਤੀ ਗਈ ਸੀ। ਉਨ੍ਹਾਂ ਆਰੋਪ ਲਾਇਆ ਕਿ ਸੁਰੱਖਿਆ ਦੇ ਲੋੜੀਂਦੇ ਪ੍ਰਬੰਧ ਨਾ ਹੋਣ ਕਰਕੇ ਸੜਕ ਦੇ ਕਿਨਾਰੇ ਦੀ ਜ਼ਮੀਨ ਧੱਸ ਗਈ ਅਤੇ ਸਾਈਡ ਦੀ ਕੰਧ ਵੀ ਢਹਿ ਗਈ।
ਕੌਂਸਲਰ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਠੇਕੇਦਾਰ ਦੀ ਅਣਗਹਿਲੀ ਅਤੇ ਮਾਲਕਾਂ ਦੀ ਲਾਪਰਵਾਹੀ ਕਾਰਨ ਹੀ ਇਨ੍ਹਾਂ ਮਜ਼ਦੂਰਾਂ ਨੂੰ ਆਪਣੀ ਜਾਨ ਗੁਆਉਣੀ ਪਈ ਹੈ। ਡੂੰਘੀ ਖੁਦਾਈ ਕਾਰਨ ਆਲੇ-ਦੁਆਲੇ ਦੀ ਜ਼ਮੀਨ ਬੇਹੱਦ ਕਮਜ਼ੋਰ ਹੋ ਚੁੱਕੀ ਸੀ। ਸਥਾਨਕ ਨਿਵਾਸੀਆਂ ਅਨੁਸਾਰ, ਉਹ ਪਿਛਲੇ ਇੱਕ ਮਹੀਨੇ ਤੋਂ ਖ਼ਤਰੇ ਬਾਰੇ ਠੇਕੇਦਾਰ ਅਤੇ ਮਜ਼ਦੂਰਾਂ ਨੂੰ ਲਗਾਤਾਰ ਚਿਤਾਵਨੀ ਦੇ ਰਹੇ ਸਨ, ਪਰ ਉਨ੍ਹਾਂ ਦੀਆਂ ਚਿਤਾਵਨੀਆਂ ਨੂੰ ਲਗਾਤਾਰ ਅਣਦੇਖਾ ਕੀਤਾ ਗਿਆ।

