Punjab Women Rs1000 Scheme: ਅੱਜ ਤੋਂ ਖਾਤਿਆਂ ਵਿੱਚ ਆਉਣੇ ਸ਼ੁਰੂ ਹੋਣਗੇ ਹਜ਼ਾਰ-ਹਜ਼ਾਰ ਰੁਪਏ: ਮਾਨ

Punjab Women Rs1000 Scheme: ਅੱਜ ਤੋਂ ਖਾਤਿਆਂ ਵਿੱਚ ਆਉਣੇ ਸ਼ੁਰੂ ਹੋਣਗੇ ਹਜ਼ਾਰ-ਹਜ਼ਾਰ ਰੁਪਏ: ਮਾਨ

ਮਹਿਲ ਕਲਾਂ : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਹਿਲ ਕਲਾਂ ਵਿੱਚ ‘ਲੋਕ ਮਿਲਣੀ’ ਦੌਰਾਨ ਕਿਹਾ ਕਿ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਪਹਿਲੀ ਜੁਲਾਈ ਤੋਂ ਤਕਰੀਬਨ 97 ਫ਼ੀਸਦ ਔਰਤਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੇ ਪੈਸੇ ਆਉਣੇ ਸ਼ੁਰੂ ਹੋ ਜਾਣਗੇ। ਆਮ ਔਰਤਾਂ ਨੂੰ 1,000 ਰੁਪਏ ਅਤੇ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਔਰਤਾਂ ਨੂੰ 1,500 ਰੁਪਏ ਪ੍ਰਤੀ ਮਹੀਨਾ ਮਿਲਣਗੇ। ਮੁੱਖ ਮੰਤਰੀ ਨੇ ਦੱਸਿਆ ਕਿ ਤਿੰਨ ਮਹੀਨਿਆਂ ਦੀ ਇਕੱਠੀ ਕਿਸ਼ਤ ਵਜੋਂ ਕ੍ਰਮਵਾਰ 3,000 ਅਤੇ 4,500 ਰੁਪਏ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਪਾਏ ਜਾਣਗੇ। ਸਮਾਜਿਕ ਸੁਰੱਖਿਆ ਪੈਨਸ਼ਨ ਲੈ ਰਹੀਆਂ ਔਰਤਾਂ ਵੀ ਇਹ ਰਕਮ ਮਿਲੇਗੀ। ਇਸ ਯੋਜਨਾ ਲਈ ਬਜਟ ਵਿੱਚ 9,300 ਕਰੋੜ ਰੁਪਏ ਰੱਖੇ ਗਏ ਹਨ।

ਉਨ੍ਹਾਂ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਂਦਿਆਂ ਦੱਸਿਆ ਕਿ ਮੁਫ਼ਤ ਬਿਜਲੀ, 68 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਅਤੇ ਨਹਿਰੀ ਪਾਣੀ ਦੀ ਵਰਤੋਂ 22 ਤੋਂ ਵਧਾ ਕੇ 80 ਫ਼ੀਸਦ ਕੀਤੀ ਗਈ ਹੈ। ਇਸ ਤੋਂ ਇਲਾਵਾ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ। ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਬੇਅਦਬੀ ਦੀਆਂ ਘਟਨਾਵਾਂ ਨੂੰ ਸਖ਼ਤੀ ਨਾਲ ਰੋਕੇਗਾ। ਵਿਰੋਧੀਆਂ ’ਤੇ ਸ਼ਬਦੀ ਵਾਰ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਇਸ ਕਾਨੂੰਨ ਦਾ ਵਿਰੋਧ ਇਸ ਲਈ ਕਰ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਅਤੀਤ ਦੇ ਗੁਨਾਹਾਂ ਦਾ ਡਰ ਹੈ। ਸੁਖਬੀਰ ਬਾਦਲ ’ਤੇ ਤਨਜ ਕੱਸਦਿਆਂ ਉਨ੍ਹਾਂ ਕਿਹਾ ਕਿ ਹੁਣ ਬਾਦਲ ਪਰਿਵਾਰ ਦੇ ਜੇਲ੍ਹ ਜਾਣ ਦੀ ਵਾਰੀ ਹੈ। ਕਾਂਗਰਸ ਉਂਝ ਹੀ ਅੰਦਰੂਨੀ ਲੜਾਈ ਵਿੱਚ ਉਲਝੀ ਹੋਈ ਹੈ। ਇਸ ਮੌਕੇ ਉਨ੍ਹਾਂ ਕਲਿਆਣ ਰਜਵਾਹੇ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ ਅਤੇ ਪੰਚਾਇਤ ਨੂੰ 51 ਲੱਖ ਰੁਪਏ ਦਾ ਚੈੱਕ ਸੌਂਪਿਆ। ਇਸ ਦੌਰਾਨ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਵੀ ਮੌਜੂਦ ਸਨ।

‘ਆਪ’ ਦੇ ਗੜ੍ਹ ਵਿੱਚ ਮੁੱਖ ਮੰਤਰੀ ਦਾ ਵਿਰੋਧ

ਆਮ ਆਦਮੀ ਪਾਰਟੀ ਦਾ ਗੜ੍ਹ ਮਹਿਲ ਕਲਾਂ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਦਾ ਤਿੱਖਾ ਵਿਰੋਧ ਹੋਇਆ। ਸਰਕਾਰ ਅਤੇ ਪ੍ਰਸ਼ਾਸਨ ਨੂੰ ਮੁੱਖ ਮੰਤਰੀ ਦੀ ‘ਲੋਕ ਮਿਲਣੀ’ ਪੁਲੀਸ ਦੇ ਪਹਿਰੇ ਹੇਠ ਕਰਵਾਉਣੀ ਪਈ। ਜਥੇਬੰਦੀਆਂ ਦੇ ਵਿਰੋਧ ਕਾਰਨ ਸਮਾਗਮ ਨੂੰ ਜਾਣ ਵਾਲੇ ਸਾਰੀਆਂ ਗਲੀਆਂ ਅਤੇ ਸੜਕਾਂ ਨੂੰ ਸੀਲ ਕਰਕੇ ਹਰ ਵਿਅਕਤੀ ਦੀ ਸਖ਼ਤ ਤਸਦੀਕ ਤੋਂ ਬਾਅਦ ਹੀ ਦਾਖ਼ਲਾ ਦਿੱਤਾ ਜਾ ਰਿਹਾ ਹੈ। ਬਾਅਦ ਦੁਪਹਿਰ ਮੁੱਖ ਮੰਤਰੀ ਨੂੰ ਸਵਾਲ ਕਰਨ ਆ ਰਹੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਪੁਲੀਸ ਵੱਲੋਂ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ। ਇਸ ਤਹਿਤ ਮਹਿਲ ਕਲਾਂ ਤੋਂ ਸਹਿਜੜਾ ਰੋਡ ’ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਰਕੁਨਾਂ ਨੂੰ ਫੜਨ ਲਈ ਪੁਲੀਸ ਨੂੰ ਝੋਨੇ ਦੇ ਖੇਤਾਂ ਵਿੱਚ ਭੱਜਣਾ ਪਿਆ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਮਾਗਮ ਵਾਲੀ ਜਗ੍ਹਾ ’ਤੇ ਜਾਣ ਤੋਂ ਰੋਕੇ ਜਾਣ ਦੇ ਰੋਸ ਵਿੱਚ ਬਰਨਾਲਾ-ਲੁਧਿਆਣਾ ਸੜਕ ਜਾਮ ਕਰ ਦਿੱਤੀ ਜਦਕਿ ਆਮ ਆਦਮੀ ਪਾਰਟੀ ਦੇ ਸਮਾਗਮ ਵਿੱਚ ਜਾ ਰਹੀਆਂ ‘ਆਪ’ ਵਰਕਰਾਂ ਦੀਆਂ ਬੱਸਾਂ ਵੀ ਕਿਸਾਨਾਂ ਦੇ ਕਾਫ਼ਲੇ ਵਿੱਚ ਫਸ ਗਈਆਂ। ਮੁੱਖ ਮੰਤਰੀ ਦਾ ਵਿਰੋਧ ਕਰ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕਾਫ਼ਲੇ ਨੂੰ ਵੀ ਪੁਲੀਸ ਵੱਲੋਂ ਰੋਕ ਕੇ ਹਿਰਾਸਤ ਵਿੱਚ ਲੈ ਲਿਆ ਗਿਆ। ਕਾਂਗਰਸੀ ਆਗੂ ਬਨੀ ਖਹਿਰਾ ਨੂੰ ਉਸਦੇ ਸਾਥੀਆਂ ਸਮੇਤ ਪੁਲੀਸ ਵਲੋਂ ਦਫ਼ਤਰ ਵਿਖੇ ਨਜ਼ਰਬੰਦ ਕੀਤਾ ਗਿਆ।

Share: