Venezuela ਭੂਚਾਲ: Death Toll 1700 ਤੋਂ ਪਾਰ

Venezuela ਭੂਚਾਲ: Death Toll 1700 ਤੋਂ ਪਾਰ

ਲਾ ਗੁਏਰਾ : ਵੈਨੇਜ਼ੁਏਲਾ ’ਚ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 1700 ਤੋਂ ਵੱਧ ਹੋ ਚੁੱਕੀ ਹੈ ਅਤੇ 5,000 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਾਹਤ ਸੰਸਥਾਵਾਂ ਵੱਲੋਂ ਭੂਚਾਲ ਕਾਰਨ ਨੁਕਸਾਨੀਆਂ ਇਮਾਰਤਾਂ ਦੇ ਮਲਬੇ ਹੇਠੋਂ ਲੋਕਾਂ ਨੂੰ ਕੱਢਣ ਦੀ ਮੁਹਿੰਮ ਜਾਰੀ ਹੈ।

ਇਸੇ ਦੌਰਾਨ ਉੱਤਰੀ ਰਾਜ ਲਾ ਗੁਏਰਾ ਦੇ ਆਫਤ ਪ੍ਰਭਾਵਿਤ ਖੇਤਰ ’ਚ 4.6 ਦੀ ਸ਼ਿੱਦਤ ਦਾ ਇੱਕ ਹੋਰ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਹੈ। ਰਾਹਤ ਏਜੰਸੀਆਂ ਨੇ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਉੱਧਰ ਸੁਸਤ ਰਾਹਤ ਅਤੇ ਬਚਾਅ ਕਾਰਜਾਂ ਲਈ ਆਲੋਚਨਾ ਹੋਣ ਮਗਰੋਂ ਬੀਤੇ ਦਿਨ ਪੁਲੀਸ ਅਤੇ ਫੌਜ ਦੇ ਅਧਿਕਾਰੀਆਂ ਨੇ ਲਾ ਗੁਏਰਾ ’ਚ ਲੋੜਵੰਦਾਂ ਨੂੰ ਖਾਣ-ਪੀਣ ਦਾ ਸਾਮਾਨ ਵੰਡਿਆ। ਵੈਨੇਜ਼ੁਏਲਾ ਦੀ ਨੈਸ਼ਨਲ ਅਸੈਂਬਲੀ ਦੇ ਨੇਤਾ ਅਤੇ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੌਡਰਿਗਜ਼ ਦੇ ਭਰਾ ਜੌਰਜ ਰੌਡਰਿਗਜ਼ ਨੇ ਕਿਹਾ ਕਿ ਸਭ ਤੋਂ ਵੱਧ ਪ੍ਰਭਾਵਿਤ ਰਾਜ ਲਾ ਗੁਏਰਾ ਦੇ 90 ਫੀਸਦ ਹਿੱਸੇ ਵਿੱਚ ਬਿਜਲੀ ਬਹਾਲ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਬੇਘਰਿਆਂ ਲਈ 15 ਆਰਜ਼ੀ ਕੈਂਪ ਸਥਾਪਤ ਕੀਤੇ ਹਨ। ਵਿਸ਼ਵ ਸਿਹਤ ਸੰਗਠਨ ਨੇ ਅੱਜ ਕਿਹਾ ਕਿ ਪਿਛਲੇ ਹਫ਼ਤੇ ਆਏ ਭੂਚਾਲਾਂ ਤੋਂ ਬਾਅਦ ਵੈਨੇਜ਼ੁਏਲਾ ਦੀ ਸਿਹਤ ਸੰਭਾਲ ਪ੍ਰਣਾਲੀ ਬਹੁਤ ਜ਼ਿਆਦਾ ਦਬਾਅ ਹੇਠ ਹੈ ਕਿਉਂਕਿ ਕੁਝ ਹਸਪਤਾਲਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਕੁਝ ਹਸਪਤਾਲਾਂ ਵਿੱਚ ਸਟਾਫ਼ ਦੀ ਕਮੀ ਹੈ। ਜਨੇਵਾ ਵਿੱਚ ਸੰਗਠਨ ਦੇ ਬੁਲਾਰੇ ਕ੍ਰਿਸਚੀਅਨ ਲਿੰਡਮੀਅਰ ਨੇ ਦੱਸਿਆ ਕਿ ਘੱਟੋ-ਘੱਟ ਤਿੰਨ ਸਿਹਤ ਕੇਂਦਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਅਤੇ ਛੇ ਹੋਰ ਅੰਸ਼ਕ ਤੌਰ ’ਤੇ ਕੰਮ ਕਰ ਰਹੇ ਹਨ।

ਭਾਰਤੀ ਮੈਡੀਕਲ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ

ਕਰਾਕਸ: ਵੈਨੇਜ਼ੁਏਲਾ ਨੇ ਭੂਚਾਲ ਪੀੜਤਾਂ ਦੀ ਮਦਦ ਲਈ ਭਾਰਤੀ ਮੈਡੀਕਲ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਹੈ। ‘ਅਪਰੇਸ਼ਨ ਅਮਿਸਤਾਦ’ ਤਹਿਤ ਭਾਰਤੀ ਫੌਜ ਨੇ ਵੈਨੇਜ਼ੁਏਲਾ ਪਹੁੰਚ ਕੇ ਕਰਾਕਸ ਸਥਿਤ ‘ਇੰਟਰਨੈਸ਼ਨਲ ਲਾ ਰਿਨਕੋਨਾਡਾ ਰੇਸਕੋਰਸ’ ਵਿੱਚ ਤਜਰਬੇਕਾਰ ਡਾਕਟਰਾਂ ਦੀ ਟੀਮ ਨਾਲ ਫੀਲਡ ਹਸਪਤਾਲ ਸਥਾਪਤ ਕੀਤਾ ਹੈ। ਵੈਨੇਜ਼ੁਏਲਾ ਸਥਿਤ ਭਾਰਤੀ ਦੂਤਾਵਾਸ ਨੇ ਕਿਹਾ ਕਿ ਭਾਰਤ ਨੇ ਭੂਚਾਲ ਪੀੜਤਾਂ ਨੂੰ ‘ਇਲਾਜ ਅਤੇ ਮਨੁੱਖੀ ਸੰਵੇਦਨਾ ਤਹਿਤ ਰਾਹਤ’ ਪਹੁੰਚਾਉਣ ਦੇ ਯਤਨ ਤੇਜ਼ ਕਰ ਦਿੱਤੇ ਹਨ। ਦੂਤਾਵਾਸ ਨੇ ਕਿਹਾ, ‘‘ਮਨੁੱਖੀ ਸਰੋਤ ਅਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਐਂਡਰੀਆ ਕੋਰਾਓ ਫਾਰੀਆ ਨੇ ਸਾਡੇ ਫੀਲਡ ਹਸਪਤਾਲ ਦਾ ਦੌਰਾ ਕੀਤਾ ਅਤੇ ਭੂਚਾਲ ਪੀੜਤਾਂ ਦੀ ਸਹਾਇਤਾ ਲਈ ਕੀਤੇ ਜਾ ਰਹੇ ਸਾਡੇ ਯਤਨਾਂ ਦੀ ਸ਼ਲਾਘਾ ਕੀਤੀ।’’

Share: